ਇਹ ਸਫ਼ਾ ਪ੍ਰਮਾਣਿਤ ਹੈ

੧੪

ਪੰਚ ਤੰਤ੍ਰ


ਦਮਨਕ ਬੋਲਿਆ ਹੇ ਕਰਟਕ ਕਿਆ ਨਮਿਤ ਹੇ ਜੋ ਸਾਡਾ ਸ੍ਵਾਮੀ ਪਿੰਗਲਕ ਜਲ ਪੀਣ ਦੇ ਲਈ ਜਮਨਾ ਦੇ ਕਿਨਾਰੇ ਆਕੇ ਵਯੂਹ ਰਚਨਾ (ਕਿਲੇ ਦਾ ਤਰੀਕਾ) ਅਰਥਾਤ ਸੈਨਾ ਦਾ ਕਿਲਾ ਬਣਾਕੇ ਬੈਠ ਰਿਹਾ ਹੈ। ਕਰਟਕ ਬੋਲਿਆ ਸਾਨੂੰ ਕੀ ਪ੍ਰਯੋਜਨ ਜੋ ਅਸੀਂ ਇਸ ਬਾਤ ਦੀ ਢੂੰਡ ਕਰੀਏ। ਇਸ ਪਰ ਕਿਹਾ ਭੀ ਹੈ:——

ਦੋਹਰਾ॥ ਬਿਨ ਪ੍ਰਯੋਜਨ ਪੁਰਖ ਜੋ ਕਰੇ ਕਰਮ ਦੁਖ ਪਾਇ॥
ਜਿਉਂ ਕਪਿ ਕੀਲ ਉਖਾੜ ਤੇ ਮਰਾਤੁਰਤ ਸੁਨ ਭਾਇ ॥੨੧॥

ਦਮਨਕ ਬੋਲਿਆ ਇਹ ਬਾਤ ਕਿਸਤਰਾਂ ਹੈ ਕਰਟਕ ਬੋਲਿਆ ਸੁਨ॥

੧ਕਥਾ——ਕਿਸੇ ਨਗਰ ਦੇ ਸਮੀਪ ਇੱਕ ਬਾਣੀਆਂ ਮੰਦਰ ਬਨਾਨ ਲਗਾ ਸੀ, ਉੱਥੇ ਬਹੁਤ ਸਾਰੇ ਕਾਰੀਗਰ ਲੱਗੇ, ਇਕ ਦਿਨ ਦੁਪੈਹਰ ਦੇ ਵੇਲੇ ਜੋ ਕਰੀਗਰ ਭੋਜਨ ਕਰਨ ਗਏ ਤਾਂ ਉਨ੍ਹਾਂ ਵਿੱਚੋਂ ਇੱਕ ਤਰਖਾਣ ਅੱਧੀ ਚੀਰੀ ਹੋਈ ਗੇਲੀ ਦੇ ਵਿੱਚ ਫਾਨਾਂ ਲਾਕੇ ਚਲਿਆ ਗਿਆ, ਇਤਨੇ ਚਿਰ ਵਿੱਚ ਇੱਕ ਬਾਂਦਰਾਂ ਦਾ ਝੁੰਡ ਉੱਥੇ ਆ ਗਿਆ ਅਤੇ ਓਹ ਝੁੰਡ ਜਾਤਿ ਸ੍ਵਭਾਵ ਕਰਕੇ ਉੱਥੇ ਫਿਰਨ ਲੱਗਾ, ਤਦ ਇੱਕ ਬਾਂਦਰ ਨੇ ਜਿਸਦੀ ਮੌਤ ਨੇੜੇ ਆ ਗਈ ਸੀ ਉਸਨੇ ਉਸ ਗੇਲੀ ਉੱਤੇ ਬੈਠ ਕੇ ਜਿਉਂ ਕਿੱਲੇ ਨੂੰ ਪੱਟਿਆ ਤਾਂ ਉਸਦੇ ਪਤਾਲੂ ਉਸ ਚੀਰ ਵਿੱਚ ਫੱਸ ਗਏ ਅਤੇ ਓਹ ਮਰ ਗਿਆ ਇਸ ਲਈ ਮੈਂ ਆਖਦਾ ਹਾਂ:——

ਦੋਹਰਾ॥ ਬਿਨ ਪ੍ਰਯੋਜਨ ਪੁਰਖ ਜੋ ਕਰੇ ਕਰਮ ਦੁਖ ਪਾਇ।
ਜਿਉਂ ਕਪਿ ਕੀਲ ਉਖਾੜਤੇ ਮਰਾ ਤੁਰਤ ਹੀ ਭਾਇ॥

ਸੋ ਹੇ ਭਾਈ ਸਾਡਾ ਕੰਮ ਤਾਂ ਇਹ ਹੈ ਕਿ ਜੋ ਕੁਝ ਸ਼ੇਰ ਦਾ ਜੂਠਾ ਬਚੇ ਉਸਨੂੰ ਖਾ ਲੈਣਾ, ਸਾਨੂੰ ਇਸ ਕੰਮ ਨਾਲ ਕੀ ਮਤਲਬ ਹੈ, ਦਮਨਕ ਬੋਲਿਆ ਕਿਆ ਤੂੰ ਖਾਣ ਦਾ ਹੀ ਭੁੱਖਾ ਹੈਂ ਇਹ ਬਾਤ ਯੋਗ ਨਹੀਂ ਜੋ ਪੇਟ ਭਰਣ ਦੇ ਲਈ ਦਿਨੇ ਰਾਤ ਰਾਜਿਆਂ ਦੇ ਪਿੱਛੇ ਭਜੀਏ ਇਸ ਪਰ ਕਿਹਾ ਭੀ ਹੈ:——

ਦੋਹਰਾ॥ ਮੀਤਨ ਕੋ ਉਪਕਾਰ ਹੈ ਸ਼ਤ੍ਰਨ ਕੋ ਅਪਕਾਰ।
ਨ੍ਰਿਪ ਸੇਵਾ ਕਾ ਫਲ ਯਹੀ ਉਦਰੱ ਭਰਤ ਸੰਸਾਰ ॥੨੨॥