ਪੰਨਾ:ਪੰਚ ਤੰਤ੍ਰ.pdf/150

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੨

ਪੰਚ ਤੰਤ੍ਰ

ਇਸ ਬਾਤ ਨੂੰ ਸੁਨਕੇ ਉਸਨੇ ਸੋਚਿਆ ਜੋ ਜੇਹੜਾ ਕੰਮ ਬਿਨ ਸੋਚੇ ਕਰੀਏ ਉਸਦਾ ਏਹੋ ਜੇਹਾ ਫਲ ਹੁੰਦਾ ਹੈ ਇਹ ਸੋਚ ਉਸ ਲੜਕੀ ਨੇ ਉਸਨੂੰ ਘਰੋਂ ਬਾਹਰ ਕਰ ਦਿੱਤਾ।। ਜਿਸ ਗਲੀ ਵਲ ਓਹ ਤੁਰਿਆ ਅਗੋਂ ਵਰਕੀਰਤ ਨਾਮੀ ਵਰ ਜੰਞ ਸਮੇਤ ਬੜੇ ਬਾਜੇ ਗਾਜੇ ਨਾਲ ਉਸ ਪਾਸੇ ਆ ਪਹੁੰਚਿਆ ਪ੍ਰਾਪਤਵਯ ਅਰਥ ਭੀ ਉਸ ਜੰਞ ਦੇ ਨਾਲ ਤੁਰ ਪਿਆ ਜਦ ਓਹ ਸਾਹੁਰੇ ਪਹੁੰਚਿਆ ਉਥੇ ਰਾਜ ਮਾਰਗ ਦੇ ਸਮੀਪ ਉਸ ਬਾਣੀਏਂ ਦੇ ਘਰ ਦੇ ਅੱਗੇ ਵੇਦੀ ਦੇ ਉਪਰ ਲੜਕੀ ਲੜਕਾ ਬੈਠੇ ਤਦ ਇਕ ਮਤਵਾਲਾ ਹਾਥੀ ਮਹਾਵਤ ਨੂੰ ਮਾਰਕੇ ਨੱਸਿਆ ਹੋਯਾ ਉਸ ਪਾਸੇ ਆ ਪਹੁੰਚਿਆ ਉਸਤੋਂ ਡਰਦੇ ਮਾਰੇ ਸਾਰੀ ਜੰਞ ਲਾੜੇ ਸਮੇਤ ਉਠਭੱਜੀ, ਅਰ ਲੜਕੀ ਦਾ ਪਿਤਾ ਬੀ ਨੱਸ ਗਿਆ॥ ਕੇਵਲ ਇਕੋ ਲੜਕੀ ਮੂੰਹ ਸਿਰ ਲਪੇਟੇ ਬੈਠੀ ਰਹੀ ਉਸ ਡਰਦੀ ਹੋਈ ਅਕੱਲੀ ਲੜਕੀ ਨੂੰ ਘਬਰਾਈ ਦੇਖ "ਪ੍ਰਾਪਤ ਬਯ ਅਰਥ " ਨੇ ਉਸ ਨੂੰ ਸੱਜੇ ਹੱਥੋਂ ਫੜਕੇ ਕਿਹਾ ਮਤ ਡਰ ਮੈਂ ਤੇਰਾ ਰੱਛਕ ਆ ਪਹੁੰਚਿਆ ਹਾਂ, ਇਹ ਕਹਿਕੇ ਹਾਥੀ ਨੂੰ ਲਲਕਾਰਾ ਮਾਰਿਆ, ਦੈਵਯੋਗ ਨਾਲ ਹਾਥੀ ਚਲਿਆ ਗਿਆ, ਥੋੜੇ ਚਿਰ ਪਿੱਛੋਂ ਲਗਨ ਦੇ ਗੁਜਰ ਗਿਆ ਜੰਞ ਅਤੇ ਲਾੜਾ ਅਰ ਲੜਕੀ ਦੇ ਸੰਬੰਧੀ ਭੀ ਆ ਪਹੁੰਚੇ।। ਉਸ ਵਰ ਨੇ ਲੜਕੀ ਨੂੰ ਹੋਰ ਦੇ ਪਾਸ ਦੇਖਕੇ ਸੌਹਰੇ ਨੂੰ ਪੁਛਿਆ ਇਹ ਕਿਆ ਬਾਤ ਹੈ ਜੋ ਤੈਂ ਲੜਕੀ ਮੈਨੂੰ ਦੇ ਕੇ ਹੋਰ ਨੂੰ ਦੇ ਦਿੱਤੀ ਹੈ, ਓਹ ਬੋਲਿਆ ਮੇਰਾ ਕੁਛ ਦੋਸ ਨਹੀਂ ਮੈਂ ਭੀ ਆਪਦੇ ਨਾਲ ਹੀ ਨਸ ਗਿਆ ਸਾਂ। ਫੇਰ ਸੇਠ ਨੇ ਲੜਕੀ ਨੂੰ ਪੁਛਿਆ ਇਹ ਤੂੰ ਅੱਛਾ ਨਹੀਂ ਕੀਤਾ ਇਸਦਾ ਸਬਬ ਕਹੁ॥ ਓਹ ਬੋਲੀ ਇਸਨੇ ਮੇਰੇ ਪ੍ਰਾਣਾਂ ਦੀ ਰਖਿਆ ਕੀਤੀ ਹੈ॥ ਇਸ ਲਈ ਇਸਤੋਂ ਬਿਨਾਂ ਮੇਰਾ ਹੋਰ ਕੋਈ ਪਤਿ ਨਹੀਂ। ਇਸ ਝਗੜੇ ਬਿਖੇ ਰਾਤ ਬੀਤ ਗਈ ਦਿਨ ਚੜ੍ਹਿਆ ਰੌਲੇ ਨੂੰ ਸੁਨਕੇ ਰਾਜਾ ਦੀ ਲੜਕੀ ਭੀ ਉਥੇ ਆ ਪਹੁੰਚੀ ਇਕ ਦੂਜੇ ਤੋਂ ਇਹ ਝਗੜਾ ਸੁਨ ਕਟਵਾਲ ਦੀ ਲੜਕੀ ਬੀ ਉਥੇ ਆ ਪਹੁੰਚੀ ਇਸ ਬੜੇ ਝਗੜੇ ਨੂੰ ਸੁਨ ਰਾਜਾ ਉਥੇ ਆਕੇ ਪ੍ਰਾਪਤਬਯ ਅਰਥ ਨੂੰ ਪੁਛਨ ਲਗਾ ਤੂੰ ਆਪਣਾ ਬ੍ਰਿਤਾਂਤ ਸੁਨਾ ਓਹ ਬੋਲਿਆ:-

"ਪ੍ਰਾਪਤਬਯ ਅਰਥ ਸਬ ਕੋ ਮਿਲੇ"