ਪੰਨਾ:ਪ੍ਰੀਤ ਕਹਾਣੀਆਂ.pdf/52

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਣੀ! ਸ਼ੁਕਰ ਹੈ ਤੂੰ ਆ ਗਈ ਹੈਂ, ਮੇਰੀ ਆਖਰੀ ਖਾਹਿਸ਼ ਤੈਨੂੰ ਵੇਖਕੇ ਮਰਨ ਦੀ ਸੀ। ਹੁਣ ਮੈਂ ਹਸ ਕੇ ਯੂਨਾਨੀ ਸੂਲੀ ਦੇ ਤਖਤੇ ਨੂੰ ਚੁੰਮਾਂਗਾ।"

"ਅਜਿਹਾ ਆਖ ਕੇ ਮੇਰਾ ਦਿਲ ਨਾ ਤੋੜੋ, ਮੇਰੇ ਪ੍ਰੀਤਮ!" ਹੈਲਨ ਨੇ ਹੰਝੂ ਕੇਰਦਿਆਂ ਹੋਇਆਂ ਕਿਹਾ"ਜਦ ਤੀਕ ਮੈਂ ਜ਼ਿੰਦਾ ਹਾਂ ਕੋਈ ਤੁਹਾਡੇ ਵਾਲ ਵਲ ਨਹੀਂ ਵੇਖ ਸਕਦਾ।"

"ਪਰ ਤੁਸੀਂ ਆਪਣੇ ਵਤਨ ਜਾ ਰਹੀ ਹੋ, ਮੇਰੀ ਪਿਆਰੀ! ਤੇ ਤੁਹਾਡੀ ਜੁਦਾਈ ਨਾਲੋਂ ਮਰ ਜਾਣਾ ਮੈਂ ਚੰਗਾ ਸਮਝਦਾ ਹਾਂਂ", ਵਰਸ਼ਲ ਨੇ ਕਿਹਾ। "ਮੈਂ ਆਪਣਾ ਵਤਨ, ਆਪਣੀ ਦੌਲਤ, ਆਪਣਾ ਸਭ ਕੁਝ ਤੁਹਾਡੇ ਤੇ ਕੁਰਬਾਨ ਕਰ ਸਕਦੀ ਹਾਂ, ਵਰਸ਼ਲ ਜੀ! ਪਰ ਰਹਿ ਰਹਿ ਕੇ ਇਕ ਖਿਆਲ ਆਉਂਦਾ ਹੈ, ਕਿ ਮੇਰੀ ਜੁਦਾਈ ਵਿੱਚ ਮੇਰਾ ਬੁਢਾ ਪਿਓ ਟਕਰਾਂ ਮਾਰ ਮਾਰ ਜਾਨ ਦੇ ਦੇਵੇਗਾ। ਪਰ ਇਹ ਯਕੀਨ ਰਖਣਾ, ਕਿ ਹੈਲਨ ਤੁਹਾਡੀ ਹੈ ਤੇ ਤੁਹਾਡੀ ਹੋ ਕੇ ਹੀ ਰਹੇਗੀ।" ਇਹ ਕਹਿੰਦਿਆਂ ਹੋਇਆਂ ਉਸ ਦੀਆਂ ਅਖੀਆਂ ਚੋਂ ਮੋਤੀ ਡਿਗ ਕੇ ਵਰਸ਼ਲ ਦੇ ਚੇਹਰੇ ਨੂੰ ਗਿਲਾ ਕਰ ਰਹੇ ਸਨ।

"ਪਰ ਮੈਂ ਹੁਣ ਮਰ ਹੀ ਜਾਣਾ ਚਾਹੁੰਦਾ ਹਾਂ ਸੁੰਦਰੀ!"

"ਨਹੀਂ, ਤੁਹਾਨੂੰ ਮੇਰੇ ਲਈ ਜ਼ਿੰਦਾ ਰਹਿਣਾ ਪਵੇਗਾ, ਪ੍ਰੀਤਮ!" ਇਹ ਆਖ ਕੇ ਹੈਲਨ ਉਠੀ, ਤੇ ਵਰਸ਼ਿਲ ਦਾ ਹਥ ਪਕੜ ਉਸ ਨੂੰ ਕੈਦ-ਕੋਠੜੀ ਚੋਂ ਬਾਹਰ ਖਿਚ ਲਿਆਈ। ਦੋਵੇਂ ਇਕ ਦੂਜੇ ਨੂੰ ਪਿਆਰ-ਮੁਸਕਾਣ ਦੇ ਕੇ ਅਲਗ ਹੋ ਗਏ।

ਸਿਕੰਦਰ-ਜਿਸ ਨੇ ਸਾਰੀ ਦੁਨੀਆਂ ਨੂੰ ਫਤਹ ਕਰਨ ਲਈ ਲਕ ਬੰਨ੍ਹਿਆ ਸੀ ਪੰਜਾਬ ਤੇ ਕਾਬਲ ਨੂੰ ਆਪਣੇ ਕਬਜ਼ੇ ਵਿਚ ਕਰ ਵਾਪਸ ਵਤਨ ਵੀ ਨਹੀਂ ਸੀ ਪੁਜਾ, ਕਿ ਮੌਤ ਵਲੋਂ ਸਦਾ ਆ ਗਿਆ। ਉਸ ਦੇ ਮਰਨ ਪਿਛੋਂ ਕਾਬਲ ਤੇ ਪੰਜਾਬ ਦੇ ਸੂਬੇ ਸਲੋਕਸ ਦੇ ਕਬਜ਼ੇ ਵਿਚ ਆ ਗਏ।

-੫੨-