ਪੰਨਾ:ਪ੍ਰੀਤ ਕਹਾਣੀਆਂ.pdf/48

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਸ਼ੇਰ ਨਾਲ ਟਕਰ ਹੋ ਪਈ। ਸ਼ੇਰ ਨੇ ਇਕ ਝਪਟੇ ਨਾਲ ਹੈਲਨ ਨੂੰ ਘੋੜਿਉਂ ਹੇਠਾਂ ਸੁਟ ਦਿਤਾ। ਉਸ ਦੀਆਂ ਚੀਕਾਂ ਨਾਲ ਸਾਰਾ ਜੰਗਲ ਕੰਬ ਉਠਿਆ, ਪਰ ਸ਼ੇਰ ਦੇ ਸੁੰਦਰੀ ਨੂੰ ਕੋਈ ਨੁਕਸਾਨ ਪੁਚਾਣ ਤੋਂ ਪਹਿਲਾਂ ਹੀ ਇਕ ਨਾਵਾਕਫ ਹਥ ਨੇ ਸ਼ੇਰ ਤੇ ਕਟਾਰ ਨਾਲ ਹਮਲਾ ਕਰ ਦਿਤਾ, ਤੇ ਪਲਾਂ ਵਿਚ ਉਸ ਜੰਗਲੀ ਜਾਨਵਰ ਦੀ ਲਾਸ਼ ਹੈਲਨ ਦੇ ਪੈਰਾਂ ਵਿਚ ਤੜਪ ਰਹੀ ਸੀ।

ਹੈਲਨ ਨੇ ਸ਼ੁਕਰੀਆ ਭਰੀਆਂ ਅਖਾਂ ਨਾਲ ਨੌਜਵਾਨ ਨੂੰ ਵੇਖਿਆ, ਫਿਰ ਅਖਾਂ ਨੀਵੀਆਂ ਪਾ ਕੇ ਉਹ ਬੋਲੀ"ਮੈਂ ਆਪ ਦੀ ਇਸ ਔਖੇ ਵੇਲੇ ਦੀ ਸਹਾਇਤਾ ਕਦੀ ਨਹੀਂ ਭੁਲ ਸਕਾਂਗੀ, ਪਰ ਵਖ ਹੋਣ ਤੋਂ ਪਹਿਲਾਂ ਆਪਣੇ ਕ੍ਰਿਪਾਲੂ ਦੇ ਨਾਂ ਤੋਂ ਜਾਣੂ ਹੋਣਾ ਚਾਹੁੰਦੀ ਹਾਂ।" ਇਹ ਨੌਜਵਾਨ ਵਰਸ਼ਲ ਸੀ। ਜਦ ਦੋਹਾਂ ਦੀਆਂ ਨਿਗਾਹਾਂ ਮਿਲੀਆਂ ਤਾਂ ਉਹਨਾਂ ਦੇ ਜੀ ਵਿਚ ਕੁਝ ਕੁਝ ਹੋਣ ਲਗਾ। ਬੜੇ ਪਿਆਰ ਤੇ ਸਤਿਕਾਰ ਨਾਲ ਇਕ ਦੂਜੇ ਤੋਂ ਵਖ ਹੋਏ, ਪਰ ਦੋਵੇਂ ਆਪਣੇ ਦਿਲ ਜੰਗਲ ਵਿਚ ਹੀ ਛਡ ਗਏ।

ਹਿੰਦੀ ਨੌਜਵਾਨ ਵਰਸ਼ਲ ਬੜਾ ਸੁੰਦਰ ਤੇ ਬਹਾਦਰ ਸੀ। ਉਸ ਦੀ ਛਿਨ ਭਰ ਦੀ ਮੁਲਾਕਾਤ ਯੂਨਾਨੀ ਹੁਸੀਨਾ ਦਾ ਦਿਲ ਦਬੋਚ ਕੇ ਲੈ ਗਈ। ਹੈਲਨ ਦਾ ਪਲ ਪਲ ਉਸ ਦੀ ਯਾਦ ਵਿਚ ਬੀਤਣ ਲਗਾ।

ਇਕ ਦਿਨ ਸ਼ਾਮ ਨੂੰ ਹੈਲਨ ਅਖਾਂ ਬੰਦ ਕਰ ਕੇ ਉਸ ਨੌਜਵਾਨ ਦਿਲ ਚੋਰ ਦੇ ਸੁਪਨੇ ਲੈ ਰਹੀ ਸੀ ਕਿ ਉਸਦੇ ਕੰਨਾਂ ਵਿਚ ਘੋੜਿਆਂ ਦੇ ਪੈਰਾਂ ਦੀ ਅਵਾਜ਼ ਆਈ। ਕੀ ਵੇਖਦੀ ਹੈ, ਕਿ ਉਸਦਾ ਪ੍ਰੀਤਮ ਜ਼ੰਜ਼ੀਰਾਂ ਵਿਚ ਜਕੜਿਆ ਕੈਦੀ ਦੀ ਹਾਲਤ ਵਿਚ ਘੋੜ ਸਵਾਰਾਂ ਦੇ ਪਹਿਰੇ ਸਾਹਮਣਿਉਂ ਆ ਰਿਹਾ ਹੈ।

ਨਿਗਾਹਾਂ ਮਿਲੀਆਂ, ਅਖਾਂ ਰਾਹੀਂ ਗਲਾਂ ਹੋਈਆਂ, ਮੂੰਹ ਬੰਦ ਸਨ, ਪਰ ਪਿਆਰ ਅਥਰੂਆਂ ਨੇ ਇਕ ਦੂਜੇ ਨੂੰ ਸਭ ਕੁਝ ਸਮਝਾ ਦਿਤਾ।

-੪੮-