ਪੰਨਾ:ਪ੍ਰੀਤਮ ਛੋਹ.pdf/78

ਇਹ ਸਫ਼ਾ ਪ੍ਰਮਾਣਿਤ ਹੈ

ਸੂਰਜ ਉਦੈ

ਨੂਰ ਹੈਂ ਤੂੰ ਨੂਰ ਹੈਂ, ਪ੍ਰਮਾਤਮਾਂ ਦਾ ਨੂਰ ਹੈਂ।
ਸ਼ਕਤ ਤੇਰੀ ਜਗ ਵਰਤੇ, ਤੇਜ ਦਾ ਤੂੰ ਸੂਰ ਹੈਂ॥
ਹੋਈ ਸਵੇਰ ਵਸੇਂਦੀ ਲਾਲੀ,
ਏ ਲਾਲੀ ਮਾਹਬੂਬੇ ਵਾਲੀ।
ਸ਼ੌਹੁ ਆਵੇ ਏ ਦਏ ਵਖਾਲੀ,
ਵੇਖਾਂ, ਵਿਗਸਾਂ, ਜੀ ਉਤਾਲੀ।
ਔਹ! ਔਹ!! ਵੇਖੋ ਸਾਜਨ ਆਵੇ,
ਲਿਸ਼ਕਾਂ ਬਿਜਲੀ ਵਾਂਗ ਵਖਾਵੇ।
ਚਮਕੇ, ਚਮਕੇ, ਅੱਖ ਝਮੱਕੇ,
ਪਰਬਤਿ ਓਹਲੇ ਹੋ ਹੋ ਤੱਕੇ।
ਮੱਥਾ ਨੂਰੋ ਨੂਰੀ ਦਿਸੇ,
ਕੌਲ ਦਿਲੇ ਦਾ ਵੇਖ ਵਿਗਸੇ।
ਨੂਰ ਇਲਾਹੀ ਚਮਕੇ ਅੜੀਓ,
ਸਾਜਨ ਤੇਜ ਏ ਦਮਕੇ ਅੜੀਓ।
ਮੈਂ ਘੋਲੀ ਨੀ ਘੋਲ ਘੁਮਾਈ,
ਇਸ ਸਾਜਨ ਸੰਗ ਨੇਹੁੰ ਲਗਾਈ।

੭੧