ਪੰਨਾ:ਪ੍ਰੀਤਮ ਛੋਹ.pdf/31

ਇਹ ਸਫ਼ਾ ਪ੍ਰਮਾਣਿਤ ਹੈ

ਦਰਿਆ ਤੇ ਪਹਾੜ

ਪਾਣੀ ਵਗਦਾ ਮੌਜ ਦੀ ਲਹਿਰ ਜ਼ੋਰੀ,
ਟਕਰ ਮਾਰਦਾ ਨਾਲ ਪਹਾੜ ਆਕੇ।
ਕਰੋ ਸ਼ੋਰ ਡਾਢਾ, ਜ਼ੋਰੋ ਜ਼ੋਰ ਡਾਢਾ,
ਮੁੜੇ ਅੰਤ ਪਿਛੇ ਏਹੀ ਭਾਂਝ ਖਾਕੇ।
ਚਿਤ ਵਿਚ ਪਹਾੜ ਗੁਮਾਨ ਕੀਤਾ,
ਮੇਰਾ ਮਾਨ ਵਡਾ ਕਦ ਹਿਲਦਾ ਹੈ।
ਪਾਨੀ ਚੜ੍ਹ ਟੀਸੀ ਉਤੋਂ ਡਿਗਦਾ ਹੈ,
ਕਦੋਂ ਨਾਲ ਮੇਰੇ ਓਹ ਮਿਲਦਾ ਹੈ।
ਮਾਰੇ ਟਕਰਾਂ ਆਨ ਕੇ ਨਾਲ ਮੇਰੇ,
ਭੰਨੇ ਪਾਸੜੇ ਐਵੇਂ ਹੀ ਕਿਲ੍ਹਦਾ ਹੈ।
ਜ਼ੋਰ ਸ਼ੋਰ ਕਰਦਾ ਅੰਤ ਝਗ ਬਨ ਕੇ,
ਵਾਂਗ ਰੂੰ ਤੂੰਬੇ ਵਾ ਠਿਲ੍ਹਦਾ ਹੈ॥੧॥
ਸਿਰ ਚਾੜ੍ਹ ਭਰਾ ਖਰਾਬ ਕੀਤਾ,
ਤਦੇ ਨਾਲ ਮੇਰੇ ਮਥਾ ਲਾਂਵਦਾ ਹੈ।
ਬਣਕੇ ਬਰਫ ਲੈ ਸਿਖਰ ਤੇ ਜਮ ਬੈਠਾ,
ਸੂਰਜ ਗਾਲ ਕੇ ਤੁਰਤ ਗਿਰਾਂਵਦਾ ਹੈ।
ਪਾਸੇ ਭੰਨ ਮੈਂ ਤੂੰਬੇ ਉਡਾ ਦਿਤੇ,
ਸਿਰੋਂ ਆਨ ਲਥਾ ਨਿਉਂ ਜਾਂਵਦਾ ਹੈ।
"ਹਰੀ ਬੁਧ" ਜੇ ਅਸਲ ਨੂੰ ਸਮਝ ਚਲੇ,
ਕਾਨੂੰ ਏਨੀਆਂ ਠੋਕਰਾਂ ਖਾਂਵਦਾ ਹੈ॥੨॥

੨੪