ਪੰਨਾ:ਪ੍ਰੀਤਮ ਛੋਹ.pdf/17

ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਮਸਤ ਹੋ, ਜੋ ਬਾਣੀ ਆਵੇਗੀ,ਉਹ ਕਾਵ੍ਯ।ਉੱਚੀ ਕਾਵ੍ਯ ਤੇ ਬਾਣੀ ਵਿਚ ਆਉਂਦਾ ਹੀ ਨਹੀਂ। ਉਹ ਤੇ ਵੇਖ ਵੇਖ, ਲਖ ਲਖ ਖਿੜਨਾ, ਰੱਬੀ ਸੁੰਦ੍ਰਤਾ ਤੇ ਖੇੜੇ ਵਿਚ ਲੀਨ ਹੋ ਜਾਣਾ ਹੈ। ਪਰ ਹਾਂ! ਜੇ ਉਸ ਸਮਾਧੀ ਤੋਂ ਹੇਠਾਂ ਉਤਰ ਬੋਲੇ, ਰਸਦਾਇਕ ਬੋਲੇ, ਜੋ ਲਖਿਆ ਉਸ ਨੂੰ ਦੱਸਣ ਦੀ ਕੋਸ਼ਸ਼ ਕਰੇ, ਤਾਂ ਉਹ ਵਾਚਕ ਕਾਵ੍ਯ ਹੈ। ਤੱਕ ਮੇਰੇ ਵੱਲ! ਵੇਖ ਰੱਬੀ ਨੂਰ!

ਮੈਂ ਜਦ ਉਸ ਸੁੰਦਰਤਾ ਦੀ ਦੇਵੀ, ਨੂਰ ਦੇ ਸ਼ੋਹਲੇ ਵਲ ਤੱਕਿਆ, ਤਾਂ ਮੇਰੇ ਅੰਦਰਲੇ ਕਪਾਟ ਖੁਲ੍ਹ ਗਏ। ਝੱਟ ਮੇਰੀ ਅੱਖ ਖੁਲ੍ਹੀ, ਪਰੀਆਂ ਤੇ ਗਈਆਂ, ਪਰ ਰੱਬੀ ਰਾਗ ਛਣਕਾਰ ਤੇ ਨੂਰ ਦੀ ਝਾਕੀ ਮੇਰੀਆਂ ਅੱਖਾਂ ਅਗੇ ਹੀ ਰਹੀ ਜਿਧਰ ਤੱਕਾਂ, ਡਲ, ਪਹਾੜ, ਮੈਦਾਨ, ਤਾਰੇ, ਅਕਾਸ਼ ਸਭ ਮੇਰੇ ਮਿਤ੍ਰ ਜਾਪਣ। ਹੱਸਣ ਤੇ ਪ੍ਯਾਰ ਦੇ ਸੁਨੇਹੇ ਦੇਣ। ਡਲ ਸਾਫ ਦਿਲੀ ਦਾ ਸੁਨੇਹਾ ਦੇਵੇ। ਚਸ਼ਮੇ ਤੇ ਨਾਲੇ, ਆਪਣੀ ਸੁਰੀਲੀ ਧੁਨੀ ਨਾਲ ਉਸ ਰਚਨਹਾਰ ਦੇ ਗੁਣ ਗਾਨ ਦਿਉਦਾਰਾਂ ਵਿਚ ਹਵਾ ਦੀ ਸ਼ਾਂ ਸ਼ਾਂ, ਉੱਚੇ ਪਹਾੜਾਂ ਦੀਆਂ ਚੋਟੀਆਂ ਦੀ ਬਰਫ, ਸਭ ਰੱਬੀ ਕਰਤਬ ਤੇ ਸੁਹੱਪਣ ਦੀ ਝਾਕੀ ਭਾਸੇ। ਤਾਰਾ ਮੰਡਲ ਵਿਚੋਂ ਵੀ ਕੋਮਲ ਰਾਗ ਦੀਆਂ ਸੁਰਾਂ ਸੁਣਾਈ ਦੇਣ। ਅੱਖਾਂ ਤੇ ਮੀਟ ਲੀਤੀਆਂ, ਪਰ ਰੱਬੀ ਰਾਗ ਬੰਦ ਨਾਂ ਹੋਇਆ। ਅੰਦਰ ਕਾਵ੍ਯ ਈ ਕਾਵ੍ਯ! ਖੇੜਾ ਈ ਖੇੜਾ! ਏਸੇ ਅਨੰਦ ਵਿਚ ਮਗਨ, ਸੁਰਤ ਰੱਬੀ ਸ਼ਬਦ ਵਿਚ ਲੀਨ ਹੋ ਗਈ॥

੧੦