ਪੰਨਾ:ਪ੍ਰੀਤਮ ਛੋਹ.pdf/117

ਇਹ ਸਫ਼ਾ ਪ੍ਰਮਾਣਿਤ ਹੈ

ਨੈਨ ਸਜਨ ਦੇ

ਨੈਨ ਸਜਨ ਦੇ ਹਸ ਹਸੰਦੇ,
ਤੇ ਕੋਹ ਕਰਦੇ ਦਿਲਬਰੀਆਂ।
ਮਸਤ ਕਟੋਰੇ ਛਲਕਨ ਮਧ ਦੇ,
ਏਹ ਪ੍ਰੇਮ ਲਵਾਈਆਂ ਝੜੀਆਂ।
ਖਿਚ ਖਿਚ ਬਾਨ ਅਗਨ ਦੇ ਮਾਰਨ,
ਮੈਂ ਖੜੀ ਖੜੋਤੀ ਸੜੀਆਂ।
ਨਿੱਤ ਸੜਾਂ ਸੱਜਨ ਦੇ ਬਿਰਹਾਂ,
ਬਣ ਧੂੰ ਅਕਾਸ਼ੇ ਚੜ੍ਹੀਆਂ॥

ਨਿੱਤ ਏਹ ਨੈਨ ਵਸੀਂਦੇ ਦਿੱਸਨ,
ਤੇ ਨਿੱਤ ਇਹ ਘੈਲ ਕਰਾਵਨ।
ਵੇਖਨ, ਕੋਹਿਨ, ਪਰੇ ਹਟ ਥੀਵਨ,
ਦੋ ਭੋਲੇ ਖੇਡ ਖਿਡਾਵਨ।
ਨਾ ਏਹ ਤੋੜ ਨਿਭਾਵਨ ਜੋਗੇ,
ਤੇ ਨਾਂ ਛਡ ਜੀ ਨੂੰ ਜਾਵਨ।
ਨੈਨਾਂ ਰਲ ਮਿਲ ਪਾਏ ਝਮੇਲੇ,
ਤੇ ਫਾਥੇ ਜੀ ਕੁਹਾਵਨ॥

੧੧੦