ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/90

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੪ )

ਜ਼ਿਮੀਂਦਾਰ:-ਸਾਡਾ ਧਰਮ ਤੇ ਸਾਡੇ ਰਵਾਜ ਏਸ ਗੱਲ ਦੀ ਮਨਾਹੀ ਕਰਦੇ ਨੇ । ਭਾਵੇਂ ਹੋਣ ਤਾਂ ਏਹ ਕੁੱਤੇ ਸਾਰਖੇ ਈ ਨਾ, ਇਹ ਵੀ ਤਾਂ ਰੱਬ ਦੇ ਈ ਜੀ ਨੇ, ਕਿਉਂ ਜੋ ਓਸ ਨੇ ਈ ਸਾਰਿਆਂ ਨੂੰ ਪੈਦਾ ਕੀਤਾ ਏ।

ਸੁਕਰਾਤ:-ਯਾਰੋ ਤੁਸੀ ਉੱਤਰ ਤਾਂ ਬਹੁਤ ਠੀਕ ਦਿੱਤਾ ਏ, ਕੱਤੇ ਵੀ ਮਨੁੱਖ ਹਾਰ ਰੱਬ ਦੇ ਈ ਜੀ ਨੇ, ਪਰ ਰੱਬ ਨੇ ਕੁੱਤੇ ਪੈਦਾ ਕਿਉਂ ਕੀਤੇ ? ਕੁੱਤਾ ਇੱਕ ਘਰੇਲ ਜਨੌਰ ਏ ਤੇ ਬਾਕੀ ਦੇ ਹੋਰ ਸਾਰੇ ਘਰੇਲੂ ਜਨੌਰ ਤੁਹਾਡੇ ਲਾਭ ਲਈ ਪੈਦਾ ਕੀਤੇ ਗਏ ਨੇ, ਘੋੜਾ ਤੁਹਾਡੀ ਅਸਵਾਰੀ ਲਈ, ਗਾਂ ਦੁੱਧ ਦੇਣ ਨੂੰ ਤੇ ਹੋਰ ਵੀ ਏਸੇ ਤਰਾਂ । ਕੀ ਰੱਬ ਨੇ ਕੁੱਤਾ ਏਸ ਲਈ ਘੱਲਿਆ ਏ, ਜੁ ਇਸ ਤੋਂ ਤੁਹਾਨੂੰ ਸਦਾ ਖਟਕਾ ਰਹੇ ?

ਜ਼ਿਮੀਂਦਾਰ:-ਗੱਲ ਤਾਂ ਇਹੋ ਜਿਹੀ ਜਾਪਦੀ ਏ ।

ਸੁਕਰਾਤ:-ਓ ਭਲਿਓ ਪਾਤਸ਼ਾਹੋ ! ਤਾਂ ਇਹ ਰੱਬ ਦਾ ਈ ਦੋਸ਼ ਹੋਇਆ ਨਾ ? ਕੀ ਤੁਹਾਨੂੰ ਪਤਾ ਨਹੀਂ ਲੱਗਦਾ ? ਕੀ ਤੁਸੀਂ ਫੇਰ ਆਪਣੀ ਬੇਅਕਲੀ ਤੇ ਆਪਣੀ ਜ਼ੁਲਮੀ ਦਾ ਦੋਸ਼ ਰੱਬ ਨੂੰ ਦੇਂਦੇ ਓ ? ਫੇਰ ਏਹ ਇੱਕ ਨਵਾਂ ਅਖਾਣ ਪੈ ਸਕਦਾ ਏ 'ਜ਼ਿਮੀਦਾਰ ਦੀ ਬੇਅਕਲੀ, ਪਰਮੇਸ਼ਰ ਦਾ ਕਸੂਰ।'