ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/84

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੮ )

ਕਿਉਂ ਜੋ ਮੁਸ਼ਕ ਤੇ ਸੜਿਹਾਨ ਜੇਹੜੀ ਚੁਫੇਰਿਓਂ ਆਉਂਦੀ ਏ, ਉਸ ਨਾਲ ਮੇਰਾ ਕੁਝ ਜੀ ਡੁੱਬਦਾ ਜਾਂਦਾ ਹੈ।

ਜ਼ਿਮੀਂਦਾਰ:-ਹੱਛਾ ਸੁਕਰਾਤ ਜੀ ਸਾਹਿਬ ਸਲਾਮਤ । ਤੁਹਾਡੇ ਪਰਤਨ ਤੀਕ ਅਸੀ ਏਸ ਥਾਂ ਨੂੰ ਤੁਹਾਡੇ ਬਹਿਣ ਦੇ ਲੈਕ ਬਣਾ ਛਡਾਂਗੇ ।

ਬੇਵਸੀ ਜਾਂ ਆਪੇ ਈ ਹੋਵੇ

ਇੱਕ ਦਿਨ ਸੁਕਰਾਤ ਦੁਪਹਿਰਾਂ ਨੂੰ ਕਿਸੇ ਪਿੰਡ ਜਾ ਨਿਕਲਿਆ ਤੇ ਇੱਕ ਮੰਜੇ ਤੇ ਬਹਿ ਗਿਆ । ਓਹ ਬੜਾ ਭੱਦਲਿਆ ਹੋਇਆ ਲੱਗਦਾ ਸੀ। ਸਾਰੇ ਜ਼ਿਮੀਂਦਾਰ ਉਸਦੇ ਗਿਰਦ ਬਹਿ ਗਏ ਤੇ ਪੁੱਛਣ ਲੱਗੇ ਜੀ ਅੱਜ ਤੁਸੀਂ ਢਿੱਲੇ ਕਿਉਂ ਓ ? ਤੇ ਤੁਹਾਡਾ ਮਨ ਬਿਆਕਲ ਜਾਪਦਾ ਏ ?

ਸੁਕਰਾਤ:-ਹਾਂ, ਹੈ ਤਾਂ ਮੈਂ ਔਖਾ ਈ ਹਾਂ। ਤੁਸੀ ਹਮੇਸ਼ਾਂ ਆਪਣੀ ਗਰੀਬੀ ਦੀ ਸ਼ਕੈਤ ਕਰਦੇ ਓ । ਅੱਜ ਮੈਂ ਜਦ ਤੁਹਾਡੇ ਪਿੰਡ ਨੂੰ ਲਗਾ ਆਉਂਦਾ ਸਾਂ ਤਾਂ ਮੈਂ ਕੀ ਵੇਖਿਆ ਜੋ ਤੁਹਾਡੀਆਂ ਫਸਲਾਂ ਚੂਹੇ ਖਾਈ ਜਾਂਦੇ ਨੇ । ਥਾਓਂ ਥਾਈਂ ਚੂਹਿਆਂ ਦੀਆਂ ਖੱਡਾਂ ਸਨ । ਮੈਂ ਟੁਰਦਿਆਂ ਟੁਰਦਿਆਂ ਏਹ ਵੀ ਵੇਖਿਆ ਜੋ ਚੂਹੇ ਬੇਡਰ ਹੋ ਕੇ ਫਸਲਾਂ ਨੂੰ ਕੁਤਰੀ ਜਾਂਦੇ ਨੇ।