ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/165

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੯ )

ਲੰਬਰਦਾਰ:-ਓਹ ਬਾਹਰ ਖੇਤਾਂ ਵਿੱਚ ਘੋੜੇ ਨੂੰ ਸਿਖਾਣ ਗਿਆ ਜੇ ।

ਸੁਕਰਾਤ:-ਸਵਾਰੀ ਲਈ ਸਿਖਾਂਦਾ ਹੋਵੇਗਾ ?

ਲੰਬਰਦਾਰ:-ਜੀ ਸਵਾਰੀ ਲਈ ਈ ।

ਸੁਕਰਾਤ:-ਮੇਰੀ ਸਮਝੇ ਕਿਸੇ ਖਾਸ ਸਿਖਲਾਈ ਦੀ ਲੋੜ ਤਾਂ ਨਹੀਂ ?

ਲੰਬਰਦਾਰ:-ਸੁਕਰਾਤ ਜੀ ਬੜੀ ਲੋੜ ਜੇ, ਦਾਦਾਂ ਨੂੰ ਹਲ ਅੱਗੇ ਵਗਣਾ ਤੇ ਗੱਡਾਂ ਖਿੱਚਣੀਆਂ ਸਿਖਾਣਾ ਪੈਂਦਾ ਏ । ਘੋੜਿਆਂ ਨੂੰ ਉੱਪਰ ਸਵਾਰ ਬਠਾਣਾ ਪੋਲੋ ਖੇਡਣਾ ਤੇ ਹੋਰ ਬਹੁਤ ਸਾਰੇ ਕੰਮ-ਜੇਹੜੇ ਉਨ੍ਹਾਂ ਨੂੰ ਕਰਨੇ ਪੈਂਦੇ ਨੇ-ਸਿਖਾਣੇ ਪੈਂਦੇ ਨੇ ।

ਸੁਕਰਾਤ:-ਸੱਚ ਮੁੱਚ ਜ਼ਿਮੀਂਦਾਰ ਨੂੰ ਕਿੰਨਾ ਕੰਮ ਕਰਨਾ ਪੈਂਦਾ ਏ, ਜਦ ਓਹ ਆਪਣੇ ਡੰਗਰਾਂ ਨੂੰ ਕੰਮ ਕਰਨਾ ਸਿਖਾਂਦਾ ਏ ।

ਓਧਰੋਂ ਝੱਟ ਈ ਲੰਬਰਦਾਰ ਦੀ ਵਹੁਟੀ ਨੂੰ ਓਸ ਨੂੰ ਵਾਜ ਮਾਰ ਕੇ ਪੁੱਛਿਆ ਕਿ 'ਕੁੜੀ ਦੇ ਵਿਆਹ ਦਾ ਸਾਰਾ ਸਮਿਆਨ ਪੂਰਾ ਹੋ ਗਿਆ ਏ ?'

ਸੁਕਰਾਤ:-ਓਹ ਓ, ਲੰਬਰਦਾਰ ਜੀ ਵਧਾਇਉਂ । ਵਿਆਹ ਸੁਖ ਨਾਲ ਕਦੇ ਹੋਣਾ ਏ ?

ਲੰਬਰਦਾਰ:-ਜੀ ਬਸ ਕਲ੍ਹ ਤੋਂ ਸ਼ਗਣ ਸ਼ਾਸ਼ਤਰ ਸ਼ੁਰੂ ਹੋ ਜਾਣਗੇ ।