ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/107

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੦ )

ਸੁਕਰਾਤ:-ਮਾਸਟਰ ਜੀ, ਤੁਸੀਂ ਤਾਂ ਲੋਕਾਂ ਦੀਆਂ ਪੁਰਾਣੀਆਂ ਚੰਗੀਆਂ ਰਸਮਾਂ ਦੇ ਰਾਖੇ ਓ।

ਮਾਸਟਰ:-ਮੈਨੂੰ ਇੱਕ ਹੋਰ ਨਵਾਂ ਵਖਤ ਪਾਂਦੇ ਓ, ਕੀ ਮੈਨੂੰ ਇਸ ਕੰਮ ਤੋਂ ਕੁਝ ਅਲੌਂਬ ਵੀ ਮਿਲੇਗਾ ?

ਸੁਕਰਾਤ:-ਨਹੀਂ ਮਾਸਟਰ ਜੀ, ਪਿੰਡ ਵਾਲਿਆਂ ਦਾ ਅੱਗਾ ਤਾਂ ਹੁਣ ਤੁਹਾਡੇ ਹੱਥ ਏ, ਜਿਵੇਂ ਤੁਸੀ ਏਹਨਾਂ ਨਿੱਕਿਆਂ ਮੁੰਡਿਆਂ ਕੁੜੀਆਂ ਦਾ ਚਲਣ ਬਣਾਓਗੇ ਤਿਵੇਂ ਈ ਅੱਗੇ ਤੁਹਾਡੇ ਪਿੰਡ ਵਾਲਿਆਂ ਦਾ ਚਲਣ ਹੋਵੇਗਾ। ਮੈਨੂੰ ਇਹ ਵੇਖ ਕੇ ਬੜੀ ਖੁਸ਼ੀ ਏ ਕਿ ਹੁਣ ਢੇਰ ਸਾਰੀਆਂ ਕੁੜੀਆਂ ਤੁਹਾਡੇ ਸਕੂਲ ਪੜ੍ਹਦੀਆਂ ਨੇ।

ਮਾਸਟਰ:-ਮੇਰਾ ਕੰਮ ਤਾਂ ਮੁੰਡਿਆਂ ਕੁੜੀਆਂ ਨੂੰ ਪੜ੍ਹਣਾ, ਲਿਖਣਾ, ਹਿਸਾਬ ਤੇ ਤਵਾਰੀਖ, ਜੁਗਰਾਫੀਆ ਆਦ ਸਿਖਾ ਛੱਡਣਾ ਏ।

ਸੁਕਰਾਤ:-ਤਵਾਰੀਖ ਜੁਗਰਾਫੀਏ ਨੂੰ ਮਾਰੋ ਕਾਠ। ਜਿਸ ਤਰ੍ਹਾਂ ਤੁਹਾਡਾ ਕੰਮ ਅਕਲੀ ਇਲਮ ਸਿਖਾਣਾ ਏ ਉਸੇ ਤਰ੍ਹਾਂ ਤੁਹਾਡਾ ਕੰਮ ਸੱਚੀ ਸਿੱਖਿਆ ਦੇਣਾ ਤੇ ਚਲਣ ਦਾ ਸਾਧਣਾ ਏ ।

ਮਾਸਟਰ:-ਜੀ ਤੁਸੀ ਆਪ ਈ ਦੱਸੋ, ਅੱਗੇ ਈ ਐਨਾ ਕੰਮ ਹੁੰਦਿਆਂ ਮੈਂ ਇਹ ਕੰਮ ਕਿਸ ਤਰ੍ਹਾਂ ਕਰ ਸਕਦਾ ਹਾਂ ?