ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/105

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੮ )

ਸੁਕਰਾਤ:-ਹਾਂ, ਬਥੇਰੀਆਂ ਵੇਖੀਆਂ ਨੇ, ਪਰ ਚੰਗੀਆਂ ਗੱਲਾਂ ਦੀ ਗੱਲ ਕੱਥ ਕਰਨ ਦੀ ਤਾਂ ਕੋਈ ਲੋੜ ਈ ਨਹੀਂ, ਚੰਗੀ ਗੱਲ ਚੰਗੀ ਏ ਤੇ ਹੁੰਦੀ ਪਈ ਏ, ਤੇ ਉਸ ਨੂੰ ਵੇਖ ਕੇ ਮੈਂ ਬੜਾ ਰਾਜ਼ੀ ਹਾਂ। ਇੱਕ ਨਰੋਏ ਤੇ ਤਕੜੇ ਆਦਮੀ ਲਈ ਡਾਕਟਰ ਇੱਕ ਓਪਰੀ ਸ਼ੈ ੲ, ਓਸ ਦਾ ਕੰਮ ਤਾਂ ਮਾੜਿਆਂ ਤੇ ਰੋਗੀਆਂ ਨਾਲ ਹੁੰਦਾ ਏ।

ਜ਼ਿਮੀਂਦਾਰ:-ਆਹੋ ਜੀ, ਜੇ ਤੁਸੀ ਨਰੋਏ ਤੇ ਤਕੜਿਆਂ ਆਦਮੀਆਂ ਦਾ ਧਿਆਨ ਨਾ ਰੱਖੋਗੇ ਤਾਂ ਓਹ ਸ਼ੈਤ ਇੱਕ ਦਿਨ ਬੀਮਾਰ ਈ ਨਾ ਪੈ ਜਾਣ।

ਸੁਕਰਾਤ:-ਮੈਂ ਤੁਹਾਡੀ ਇਹ ਗੱਲ ਮੰਨਦਾ ਹਾਂ ਤੇ ਇਸ ਤੋਂ ਮੈਨੂੰ ਚੇਤਾ ਆ ਗਿਆ ਏ ਕਿ ਤੁਸੀ ਲੋਕ ਆਪਣੀਆਂ ਚੰਗੀਆਂ ਰਸਮਾਂ ਤੇ ਰਵਾਜ ਭੁੱਲਣ ਲੱਗ ਪਏ ਓ ਤੇ ਭੈੜੀਆਂ ਨੂੰ ਜੱਫਾ ਮਾਰੀ ਜਾਂਦੇ ਓ। ਤੁਸੀ ਇੱਕ ਭੈੜੀ ਰਸਮ ਨੂੰ ਕਬੂਲਣ ਲਈ ਕਾਹਲੇ ਓ; ਪਰ ਚੰਗੀ ਨੂੰ ਫੜਣ ਲਈ ਬੜੇ ਢਿੱਲੇ ਓ। ਤੁਸੀਂ ਸਿਗਰਟ ਪੀਣ ਤਾਂ ਐਸ ਤਰ੍ਹਾਂ ਡਹਿ ਪਏ ਓ, ਜਿਸ ਤਰ੍ਹਾਂ ਮੁਰਗਾਈ ਪਾਣੀ ਵਿੱਚ ਠਿੱਲ੍ਹ ਪੈਂਦੀ ਏ; ਪਰ ਤੁਸੀ ਆਪ ਈ ਦੱਸੋ ਜੋ ਮੈਲੇ ਲਈ ਤੁਹਾਡੇ ਕੋਲੋਂ ਟੋਏ ਪੁਟਾਣ ਲਈ ਕੇਡੇ ਤਰਲੇ ਕੱਢਣੇ ਪਏ ਸਨ ?