ਪੰਨਾ:ਪੂਰਬ ਅਤੇ ਪੱਛਮ.pdf/290

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਕਾਂਡ ਦਸਵਾਂ

ਧਾਰਮਿਕ ਜ਼ਿੰਦਗੀ

ਜ਼ਿੰਦਗੀ ਦੇ ਮੋਟੇ ਮੋਟੇ ਪਾਸਿਆਂ ਵਲ ਨਜ਼ਰ ਮਾਰਦੇ ਹੋਏ ਹੁਣ ਅਸੀਂ ਧਾਰਮਿਕ ਅਥਵਾ ਮਜ਼ਹਬੀ ਪਾਸੇ ਵਲ ਆਉਂਦੇ ਹਾਂ। ਪ੍ਰਾਚੀਨ ਸਮੇਂ ਤੋਂ ਲੈਕੇ ਮਾਨਸਕ ਜ਼ਿੰਦਗੀ ਵਿਚ ਇਸ ਦਾ ਧਾਰਮਕ ਪਹਿਲੂ ਖਾਸ ਅਹਿਮੀਅਤ ਰਖਦਾ ਰਿਹਾ ਹੈ। ਪੁਰਾਣੇ ਸਮਿਆਂ ਵਿਚ ਅਤੇ ਲਗਭਗ ਦੁਨੀਆਂ ਦੇ ਸਾਰੇ ਦੇਸ਼ਾਂ ਵਿਚ ਧਰਮ ਅਥਵਾ ਮਜ਼ਹਬ ਹੀ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਹਿੱਸਾ ਸੀ, ਸੱਚ ਮੁਚ ਹੀ ਇਤਨਾ ਜ਼ਰੂਰੀ ਕਿ ਆਦਮੀ ਦੀ ਹਰ ਇਕ ਹਰਕਤ ਮਜ਼ਹਬੀ ਹੁਕਮਾਂ ਅਨੁਸਾਰ ਹੁੰਦੀ ਸੀ। ਧਾਰਮਿਕ ਆਦਮੀਆਂ ਦਾ ਹੀ ਸਭ ਤੋਂ ਬਹੁਤਾ ਮਾਣ ਅਤੇ ਸਤਿਕਾਰ ਹੁੰਦਾ ਸੀ। ਪੱਛਮ ਵਿਚ ਪਾਦਰੀ ਜਮਾਤ,ਤੇ ਖਾਸ ਕਰਕੇ ਰੋਮ ਦੇ ਪੋਪ, ਦੀ ਸ਼ਾਹਾਨਾ ਇੱਜ਼ਤ ਦੁਨੀਆਂ ਵਿਚ ਆਪਣੀ ਮਿਸਾਲ ਆਪ ਹੀ ਸੀ ( ਧਾਰਮਿਕ ਮੰਡਲੀਆਂ ਦੇ ਹੱਥ ਹੀ ਮੁਲਕ ਦੀਆਂ ਰਾਜਸੀ, ਆਰਥਕ ਤੇ ਸਮਾਜਕ ਸਰਗਰਮੀਆਂ ਹੁੰਦੀਆਂ ਸਨ; ਇਥੋਂ ਤਕ ਕਿ ਮੁਲਕ ਦੇ ਬਾਦਸ਼ਾਹ ਨੂੰ ਬਾਦਸ਼ਾਹੀ ਦੇਣ ਦੀ ਰਸਮ ਭੀ ਮਲਕ ਦੇ ਵਡੇ ਪਾਦਰੀ ਦੇ ਹਥੋਂ ਹੀ ਹੁੰਦੀ ਸੀ। ਇਸੇ ਤਰਾਂ ਸਾਡੇ ਮੁਲਕ ਵਿਚ ਭੀ ਬਾਹਮਣਾਂ ਦਾ ਬਹੁਤ ਦੇਰ ਤਕ ਜ਼ੋਰ ਰਿਹਾ ਤੇ ਉਨ੍ਹਾਂ ਦੇ ਹੁਕਮ ਅਨੁਸਾਰ ਹੀ ਮੁਲਕ ਦੇ ਸਾਰੇ ਕੰਮ ਕਾਜ ਚਲਦੇ ਰਹੇ।