ਪੰਨਾ:ਪੂਰਬ ਅਤੇ ਪੱਛਮ.pdf/209

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦੨

ਪੂਰਬ ਅਤੇ ਪੱਛਮ

ਹਬਸ਼ੀਆਂ) ਨੂੰ ਦੰਡ ਦੇਣਾ ਹੈ ਜੋ ਅਮ੍ਰੀਕਨ ਇਸਤ੍ਰੀਆਂ ਤੇ ਕਿਸੇ ਪ੍ਰਕਾਰ ਦਾ ਉਪੱਦ੍ਰ ਕਰਦੇ ਹਨ। ਕਈ ਸੁਸਾਇਟੀਆਂ ਅਮੀਰ ਲੋਕਾਂ ਨੇ ਆਪਣੇ ਪ੍ਰਸਪਰ ਦਿਲ ਪ੍ਰਚਾਵੇ ਤੇ ਆਪਣੀ ਅਮੀਰੀ ਦੀ ਸ਼ਾਨ ਬਨਾਉਣ ਲਈ ਬਣਾਈਆਂ ਹੋਈਆਂ ਹਨ, ਜਿਸ ਤਰਾਂ ਰੋਟਰੀ ਕਲੱਬਾਂ ਤੇ ਐਲਕਸ ਕਲੱਬਾਂ। ਇਕ ਸੁਸਾਇਟੀ ਹੈ ਫਰੀਮੇਸਨਾਂ ਦੀ ਜਿਸ ਦਾ ਮੈਂਬਰ ਬਣਨਾ ਹਰ ਇਕ ਆਦਮੀ ਆਪਣੀ ਖੁਸ਼ ਕਿਸਮਤੀ ਸਮਝਦਾ ਹੈ। ਨਵੇਂ ਮੈਂਬਰ ਬੜੀ ਡੂੰਘੀ ਖੋਜ ਪੜਤਾਲ ਅਤੇ ਬੜੀ ਮੁਸ਼ਲਕ ਨਾਲ ਬਣਾਏ ਜਾਂਦੇ ਹਨ, ਪ੍ਰੰਤੂ ਜਦ ਇਕ ਵਾਰ ਕੋਈ ਮੈਂਬਰ ਬਣ ਗਿਆ ਉਸ ਨੂੰ ਉਹ ਆਪਣਾ ਬਣਾ ਲੈਂਦੇ ਹਨ। ਇਸ ਸੁਸਾਇਟੀ ਵਿਚ ਇਹ ਵਾਧਾ ਹੈ ਕਿ ਜੇਕਰ ਇਸ ਦੇ ਕਿਸੇ ਮੈਂਬਰ ਨੂੰ ਕੋਈ ਜ਼ਰੂਰਤ ਜਾਂ ਕੋਈ ਤਕਲੀਫ ਹੋਵੇ ਉਹ ਕਿਸੇ ਭੀ ਮੈਂਬਰ ਪਾਸ ਚਲਿਆ ਜਾਵੇ ਤਾਂ ਉਸ ਦੀ ਪੂਰੀ ਪੂਰੀ ਸਚੇ ਦਿਲ ਨਾਲ ਮਦਦ ਹੋਵੇਗੀ। ਭਾਵੇਂ ਕੋਈ ਕਿਸੇ ਨੂੰ ਜਾਣਦਾ ਹੈ ਯਾ ਨਹੀਂ, ਕੇਵਲ ਇਤਨੀ ਤਸੱਲੀ ਹਰ ਇਕ ਕੁਰਬਾਨੀ ਕਰਨ ਲਈ ਕਾਫੀ ਹੈ ਕਿ ਇਹ ਘਰ ਆਉਣ ਵਾਲਾ ਆਦਮੀ ਸਾਡੀ ਸੁਸਾਇਟੀ ਦਾ ਮੈਂਬਰ ਹੈ। ਅਨਜਾਣ ਮੈਂਬਰਾਂ ਨੂੰ ਨਿਸਚਾ ਦਿਵਾਉਣ ਲਈ ਹਰ ਇਕ ਮੈਂਬਰ ਪਾਸ ਸੁਸਾਇਟੀ ਦਾ ਟਿਕਟ ਹੁੰਦਾ ਹੈ ਜਿਸ ਨੂੰ ਦਿਖਾ ਕੇ ਆਦਮੀ ਹਰ ਇਕ ਮੈਂਬਰ ਪਾਸ ਜਾ ਸਕਦਾ ਹੈ। ਆਮ ਤੌਰ ਤੇ ਇਸ ਸੁਸਾਇਟੀ ਦੇ ਮੈਂਬਰ ਬੜੇ ਬੜੇ ਧਨਾਢ ਆਦਮੀ ਹੀ ਹਨ।