ਪੰਨਾ:ਪੂਰਬ ਅਤੇ ਪੱਛਮ.pdf/192

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਰੋਗੀ ਜ਼ਿੰਦਗੀ

੧੮੫

ਗਲੀਆਂ ਵਿਚ ਸੁਟੇ ਨਜ਼ਰ ਆਉਂਦੇ ਹਨ, ਪਾਨ ਖਾਣ ਦੇ ਸ਼ੌਕੀਨ ਗਲੀਆਂ ਦੇ ਫਰਸ਼ ਤੇ ਮੁਫਤ ਵਿਚ ਹੀ ਲਾਲ ਪਲਸਤਰ ਕਰੀ ਜਾਂਦੇ ਹਨ ਤੇ ਆਮ ਲੋਕੀ ਭੀ ਥੁਕਣ ਆਦਿ ਦਾ ਕੋਈ ਸੰਕੋਚ ਨਹੀਂ ਕਰਦੇ, ਇਥੋਂ ਤਕ ਕਿ ਖਈ ਰੋਗ ਦੇ ਰੋਗੀ ਭੀ ਗਲੀ ਵਿਚ ਖੰਘਾਰ ਸੁਟਣੋਂ ਨਹੀਂ ਰੁਕਦੇ।

ਅਜੇਹੀਆਂ ਹਾਲਤਾਂ ਵਿਚ ਸਾਡੇ ਘਰ ਬੀਮਾਰੀਆਂ ਦੇ ਸ਼ਿਕਾਰ ਕਿਉਂ ਨਾ ਬਣੇ ਰਹਿਣ। ਪਿੰਡਾਂ ਦੀਆਂ ਰੂੜੀਆਂ, ਟੋਭੇ ਤੇ ਗਲੀਆਂ ਵਿਚਲੇ ਚਾਹਲੇ ਸਭ ਇਸ ਪ੍ਰਕਾਰ ਦੇ ਜ਼ਹਿਰੀਲੇ ਮੱਛਰਾਂ ਦੀ ਉਤਪਤੀ ਦਾ ਕਾਰਨ ਬਣਦੇ ਹਨ ਜੋ ਇਨਸਾਨੀ ਸੇਹਤ ਦੇ ਜਾਨੀ ਦੁਸ਼ਮਨ ਹਨ। ਇਸੇ ਤਰਾਂ ਸ਼ਹਿਰਾਂ ਦੀ ਗੰਦੀ ਫ਼ਜ਼ਾ ਅਜੇਹੇ ਮੱਛਰਾਂ ਨੂੰ ਪੈਦਾ ਕਰਦੀ ਤੇ ਪਾਲਦੀ ਹੈ। ਇਹੀ ਕਾਰਨ ਹੈ ਕਿ ਸਾਡੇ ਦੇਸ ਵਿਚ ਪੱਛਮੀ ਮੁਲਕਾਂ ਦੇ ਮੁਕਾਬਲੇ ਬੀਮਾਰੀਆਂ ਬਹੁਤੀਆਂ ਪਈਆਂ ਰਹਿੰਦੀਆਂ ਹਨ ਅਤੇ ਹਰ ਸਾਲ ਲੱਖਾਂ ਰੱਬ ਦੇ ਜੀਵ ਇਨ੍ਹਾਂ ਦੀ ਭੇਟ ਹੁੰਦੇ ਹਨ। ਤਾਂ ਤੇ ਲੋੜ ਹੈ ਕਿ ਅਸੀਂ ਸਫਾਈ ਦੀ ਸਚਾਈ ਨੂੰ ਮਹਿਸੂਸ ਕਰੀਏ ਤੇ ਆਪਣੇ ਘਰਾਂ ਨੂੰ, ਪਿੰਡਾਂ ਅਤੇ ਸ਼ਹਿਰਾਂ ਦੀਆਂ ਗਲੀਆਂ ਨੂੰ ਸਦਾ ਸਾਫ ਰਖਣ ਦੇ ਯਤਨ ਕਰੀਏ। ਜਿਥੋਂ ਤਕ ਹੋ ਸਕੇ ਸਰਕਾਰੀ ਮੱਦਦ ਭੀ ਲੈਣੀ ਚਾਹੀਦੀ ਹੈ, ਤਦ ਹੀ ਅਸੀਂ ਇਸ ਨਰਕ ਘੋਰ ਵਿਚੋਂ ਨਿਕਲ ਸਕਦੇ ਹਾਂ। ਸਰਕਾਰੀ ਮਹਿਕਮਿਆਂ ਨੂੰ ਭੀ ਚਾਹੀਦਾ ਹੈ ਕਿ ਉਹ ਕਾਗਜ਼ੀ ਕਾਰਵਾਈ ਕਰਨ ਦੀ ਥਾਂ, ਖਾਸ ਕਰਕੇ ਇਸ ਸੰਬੰਧ ਵਿਚ ਜ਼ਰੂਰ, ਕੋਈ ਨਿੱਗਰ ਕੰਮ ਕੀਤਾ ਕਰਨ।