ਪੰਨਾ:ਪੂਰਬ ਅਤੇ ਪੱਛਮ.pdf/188

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਰੋਗੀ ਜ਼ਿੰਦਗੀ

੧੮੧

ਆਮ ਘਰਾਂ ਵਿਚ ਕੋਈ ਨੌਕਰ ਨਹੀਂ। ਸਵੇਰੇ ਉਠਣ ਸਾਰ ਸੁਆਣੀ ਆਪ ਹੀ ਸਾਰੇ ਘਰ ਵਿਚ ਝਾੜੂ ਦੇਂਦੀ ਹੈ ਅਤੇ ਹਰ ਇਕ ਕਮਰੇ ਦੀ ਯਥਾ ਯੋਗ ਸਫਾਈ ਕਰਦੀ ਹੈ। ਸਉਣ ਵਾਲੇ ਕਮਰੇ ਵਿਚ ਬਿਸਤ੍ਰੇ ਬਣਾਕੇ ਉਨ੍ਹਾਂ ਤੇ ਚਿਟਾਈਆਂ ਵਿਛਾ ਦੇਂਦੀ ਹੈ, ਬਾਰੀਆਂ ਅਤੇ ਰੋਸ਼ਨ-ਦਾਨਾਂ ਨੂੰ ਸਾਫ ਕਰਕੇ ਖੋਲ ਦੇਂਦੀ ਹੈ ਤਾਕਿ ਦਿਨ ਨੂੰ ਕਮਰੇ ਵਿਚ ਧੁਪ ਤੇ ਹਵਾ ਦੀ ਖੁਲੀ ਆਵਾਜਾਈ ਰਹੇ। ਕਪੜੇ ਪਾਉਣ ਵਾਲੇ ਕਮਰੇ ਵਿਚ ਬਾਹਰ ਪਈਆਂ ਸਭ ਚੀਜ਼ਾਂ ਨੂੰ ਸਾਫ ਕਰਦੀ ਹੈ। ਸ਼ੀਸ਼ੇ ਵਾਲਾ ਮੇਜ਼, ਕੁਰਸੀਆਂ, ਅਲਮਾਰੀ, ਜੁੱਤੀਆਂ ਰਖਣ ਵਾਲਾ ਬਕਸ, ਆਦਿ ਸਭ ਤੇ ਹਥ ਫੇਰ ਦੇਂਦੀ ਹੈ। ਬੈਠਣ ਵਾਲੀ ਬੈਠਕ ਦੀ ਸਾਰੀ ਸਜਾਵਟ ਤੇ ਉਸਦਾ ਹਥ ਫਿਰਦਾ ਹੈ ਅਤੇ ਹਰ ਇਕ ਚੀਜ਼ ਨੂੰ ਆਪੋ ਆਪਣੇ ਥਾਂ ਸੁਆਰਕੇ ਰਖ ਦੇਂਦੀ ਹੈ। ਰਸੋਈ ਦੀ ਆਮ ਸਫਾਈ ਹੋ ਕੇ ਉਸ ਦੇ ਫਰਸ਼ ਨੂੰ ਸਾਬਣ ਵਾਲੇ ਪਾਣੀ ਨਾਲ ਧੋਇਆ ਜਾਵੇਗਾ ਅਤੇ ਬਾਹਰਲੇ ਬੂਹੇ ਅਗੇ ਦਾ ਥਾਂ ਭੀ ਇਸੇ ਤਰਾਂ ਸਾਫ ਕੀਤਾ ਜਾਵੇਗਾ। ਕੁੜਾ ਕਰਕਟ ਜੋ ਘਰ ਵਿਚੋਂ ਨਿਕਲਦਾ ਹੈ ਬਾਹਰ ਇਕ ਟੋਕਰੀ ਜਾਂ ਚੋਲ ਵਿਚ ਰਖ ਦਿਤਾ ਜਾਂਦਾ ਹੈ ਅਤੇ ਸ਼ਹਿਰ ਜਾਂ ਪਿੰਡ ਦੀ ਗੱਡੀ ਆਉਂਦੀ ਹੈ ਉਹ ਉਸਨੂੰ ਚੁਕ ਕੇ ਲੈ ਜਾਂਦੀ ਹੈ | ਘਰ ਦੇ ਵਖੋ ਵਖ ਕਮਰਿਆਂ ਵਿਚ ਇਕ ਦੋ ਟੋਕਰੀਆਂ ਰੱਖੀਆਂ ਹੋਈਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਦਿਨ ਵੇਲੇ ਕੋਈ ਫਾਲਤੂ ਚੀਜ਼, ਰੱਦੀ ਕਾਗਜ਼, ਆਦਿ ਸੁਟੇ ਜਾਂਦੇ ਹਨ ਅਤੇ ਹਰ ਸਵੇਰ ਇਹ ਖਾਲੀ ਹੋ ਜਾਂਦੀਆਂ ਹਨ।