ਪੰਨਾ:ਪੂਰਨ ਮਨੁੱਖ.pdf/99

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ੋਰ ਦਿਤਾ ਗਿਆ ਹੈ। ਸਿੰਘ ਨੂੰ ਤਾਰਿਆ ਦੀ ਛਾਵੇਂ ਉਠਣ[1]ਦੀ ਤਾਕੀਦ ਹੈ। ਇਹ ਵੇਲਾ ਅਜਬ ਸੁਹਾਵਣਾ ਹੁੰਦਾ ਹੈ। ਕੁਦਰਤ ਰਾਤ ਦੇ ਆਰਾਮ ਬਾਅਦ ਹਰ ਜੀਵ ਨੂੰ ਨਵੀਂ ਜਾਗਰਤ ਤੇ ਉਦਮ ਦਾ ਉਤਸ਼ਾਹ ਦੇ ਰਹੀ ਹੁੰਦੀ ਹੈ। ਏਸੇ ਵੇਲੇ ਹੀ ਅੰਬਰ ਤੋਂ ਦਾਤਾ ਤ੍ਰੇਲ ਦੇ ਮੋਤੀ ਲੁਟਾ ਰਹੇ ਹੁੰਦੇ ਹਨ, ਜਿਸ ਦੇ ਧਨ ਦੀਆਂ ਝੋਲੀਆਂ ਭਰ ਬਨਾਸਪਤੀ ਆਪ ਖਿਲਦੀ ਹੋਈ ਜਗਤ ਨੂੰ ਖੇੜੇ ਦੇਂਦੀ ਹੈ। ਏਸ ਸਮੇਂ ਬੰਦ ਕਲੀਆਂ ਆਪਣੀ ਛਾਤੀ ਪਾੜ ਫੁੱਲ ਬਣ, ਖੁਸਬੂ ਦਾ ਧਨ ਦੁਨੀਆਂ ਨੂੰ ਮੁਫਤ ਲੁਟਾਂਦੀਆਂ ਹਨ। ਗੱਲ ਕੀ, ਵਣ ਤ੍ਰਿਣ ਵਿਚ ਉਤਸ਼ਾਹ ਹੁੰਦਾ ਹੈ ਫਿਰ ਅਜਿਹੇ ਸਮੇਂ ਕੁਦਰਤ ਵਿਚ ਕਾਦਰ ਤਕਣ ਵਾਲਿਆਂ ਨੂੰ ਉਤਸ਼ਾਹ ਕਿਉਂ ਨਾ ਆਵੇਂ। ਉਹਨਾਂ ਨੂੰ ਚਾਓ[2] ਉਪਜਦਾ ਹੈ ਉਹ ਇਸ ਸਮੇਂ ਦੇ ਇਤਨੇ ਚਾਹਵਾਨ ਹੁੰਦੇ ਹਨ ਕਿ ਇਸ ਸਮੇਂ ਦੀ ਨੀਂਦ ਨੂੰ ਹਰਾਮ [3] ਸਮਝਦੇ ਹਨ। ਰਹਿਤਵਾਨ ਸਿੰਘ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਤੜਕੇ[4] ਉਠੇ। ਇਸ ਗੱਲ ਉਤੇ ਇਤਨਾ ਜ਼ੋਰ ਦਿਤਾ ਗਿਆ ਹੈ ਕਿ ਇਸ ਤੋਂ ਗਾਫਲ ਹੋਣਾ ਜੀਵਨ ਤੋਂ ਹੱਥ [5] ਧੋ ਬਹਿਣਾ ਹੈ। ਹੈ ਵੀ ਗੱਲ ਠੀਕ, ਸਵੇਰੇ ਉਠਣ ਤੋਂ ਬਗੈਰ ਆਦਮੀ ਦਾ ਸਰੀਰ ਪੂਰਨ ਆਰੰਭ ਨਹੀ ਹੋ ਸਕਦਾ ਤੇ ਰੋਗੀ ਤਨ ਦੀ ਜ਼ਿੰਦਗੀ ਮੌਤ ਤੋਂ ਵੀ ਬੁਰੀ ਹੈ। ਇਸ ਲਈ ਰਹਿਤਵਾਨ ਸਿੰਘ ਨੂੰ ਸਰੀਰ ਦੀ ਸੰਭਾਲ ਹਿੱਤ ਇਹ ਪਹਿਲਾ ਅਸੂਲ ਸਮਝਾਇਆ ਗਿਆ ਕਿ ਉਹ ਅੰਮ੍ਰਿਤ ਵੇਲੇ ਉੱਠੇ।


  1. ਭਿੰਨੀ ਰੈਨੜੀਐ ਚਮਕਨਿ ਤਾਰੇ॥
    ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ।
  2. ਚਉਥੇ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ॥

    (੧੪੬)

  3. ਬੇਦਾਰੀ ਅਸਤ ਜ਼ਿੰਦਗੀਏ ਆਰਫ਼ਾਨੇ ਸ਼ੌਕ
    ਗੋਇਆ ਹਰਾਮ ਕਰਦਮ ਚਿ ਆਇੰਦੇ ਖਾਬੇ ਸੁਬਹੁ

    (ਭਾ: ਨੰਦ ਲਾਲ ਜੀ)

  4. ਗੁਰਸਿਖ ਰਹਿਤ ਸੁਨਹੁ ਰੇ ਮੀਤ
    ਪਰਭਾਤੇ ਉਠ ਕਰ ਹਿਤ ਚੀਤ॥
  5. ਫਰੀਦਾ-ਪਿਛਲੇ ਰਾਤਿ ਨ ਜਾਗਿਓਹਿ ਜੀਵਦੜੋ ਮੋਇਓਹਿ॥

99