ਪੰਨਾ:ਪੂਰਨ ਮਨੁੱਖ.pdf/88

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਇਨ੍ਹਾਂ ਕੁਰਬਾਨੀਆਂ ਲਈ ਪਾਲਦਾ ਹੈ।ਉਹ ਲੋੜ ਸਮੇਂ ਪ੍ਰਭੂ ਦੇ ਸਾਹਮਣੇ ਉਸ ਦੀ ਦਿਤੀ ਹੋਈ[1] ਦਾਤ ਨੂੰ ਭੇਂਟ ਕਰਦਾ ਹੈ, ਤੇ ਜਦ ਉਹ ਕੁਰਬਾਨ ਹੋ ਜਾਂਦੀ ਹੈ ਤਾਂ ਮੋਹ ਆਤਰ ਮਨੁੱਖਾਂ ਵਾਂਗ ਰੋਣ ਨਹੀਂ ਲਗ ਪੈਂਦਾ, ਸਗੋਂ ਪ੍ਰਭੂ[2] ਆਗਿਆ ਖਿੜੇ ਮਥੇ ਮੰਨ ਪ੍ਰਸੰਨ ਹੁੰਦਾ ਹੈ। ਕੜਾਹ ਵੰਡਦਾ ਹੈ ਤੇ ਆਨੰਦ ਪੜ੍ਹਦਾ ਹੈ। ਇਸ ਰਹਿਤ ਅਨੁਸਾਰ ਸਿੰਘ ਦੇ ਉਪਕਾਰੀ ਜੀਵਨ ਲਈ, ਧੀਆਂ[3] ਪੁਤਰ ਸਹਾਇਕ ਹਨ। ਇਸੇ ਤਰ੍ਹਾਂ ਹੀ ਧਰਮ ਕਿਰਤ ਨਾਲ ਕਮਾਇਆ ਹੋਇਆ ਧਨ ਵੀ ਲੋੜਵੰਦਾਂ ਨੂੰ ਦੇਣ ਲਈ ਲਾਜ਼ਮੀ ਸ਼ੈ ਹੈ। ਰੂਪ ਦੀਆਂ ਚੋਟਾਂ ਤੋਂ ਬਚਨ ਲਈ ਸਾਥੀ ਇਸਤ੍ਰੀ ਇਕ ਕਿਲਾ ਹੈ। ਬੇਲੋੜੀ ਸ਼ੈ ਕੋਈ ਵੀ ਨਹੀਂ। ਸੋ ਇਨ੍ਹਾਂ ਤਮਾਮ ਲੋੜਵੰਦੀਆਂ ਵਿਅਕਤੀਆਂ ਨਾਲ, ਪ੍ਰਭੂ ਦੀਆਂ ਦਾਤਾਂ ਜਾਣ ਪਿਆਰ ਕਰਨਾ ਮੋਹ ਨਹੀਂ, ਸਗੋਂ ਪ੍ਰਭੂ ਪ੍ਰੇਮ ਦੇ ਰਾਹ ਵਲ ਤੁਰਨਾ ਹੈ। ਹਾਂ ਜੇ ਦਾਤਾਰ ਨੂੰ ਵਿਸਾਰ ਦਾਤੇ ਨਾਲ ਲਗਾਓ ਕੀਤਾ ਜਾਏ, ਤਾਂ ਉਹ ਮੋਹ ਹੈ। ਪਰ ਜੇ ਦਾਤ ਵਿਚ ਦਾਤਾਰ ਨੂੰ ਤਕਿਆ ਜਾਏ, ਤਾਂ ਉਹ ਕੁਦਰਤ ਵਿਚੋਂ ਕਾਦਰ ਨੂੰ ਤਕਨ ਵਾਂਗ ਹੈ। ਤੇ ਅਜਿਹਾ ਕਰਨਾ ਪ੍ਰੇਮ ਪੰਥ ਤੇ ਤੁਰਨਾ ਹੈ। ਇਸ ਲਈ ਸਿੰਘ ਜੀਵਨ ਵਿਚ ਇਨ੍ਹਾਂ ਨਾਲ ਪਿਆਰ ਕਰਨਾ ਦ੍ਰਿੜ ਕਰਾਇਆ ਗਿਆ ਹੈ।ਪਰ ਉਹ ਪਿਆਰ ਦਾਤਾ ਦੀ ਦਾਤ ਜਾਣ ਕੇ ਹੈ। ਦਾਤਾਰ ਨੂੰ ਭੁਲਾ ਕੇ ਹਉਮੈਂ ਗ੍ਰਹਿਸਤ ਹੋ ਲਗਾਉ ਕਰਨਾ ਨਹੀਂ, ਕਿਉਂਕਿ ਉਹ ਮੋਹ ਹੈ।


  1. ਮਾਈ ਬਾਪ ਪੁਤ੍ਰ ਸਭਿ ਹਰਿਕੇ ਕੀਏ।
    ਸਭਨਾ ਕਉ ਸਨਬੰਧ ਹਰਿ ਕਹਿ ਦੀਏ।
  2. ਜਿਸ ਕੀ ਬਸਤੁ ਤਿਸੁ ਆਗੈ ਰਾਖੇ॥
    ਪ੍ਰਭ ਕੀ ਆਗਿਆ ਮਾਨੈ ਮਾਥੈ॥
  3. ਇਤਿਹਾਸ ਵਿਚ ਆਉਂਦਾ ਹੈ ਕਿ ਜਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵਹੀਰ ਸਮੇਤ ਆਉਂਦਿਆਂ ਤਕ ਗੁਜਰਾਤ ਨਿਵਾਸੀ ਪੀਰ ਸ਼ਾਹ ਦੌਲਾ ਨੇ ਪ੍ਰਸ਼ਨ ਕੀਤਾ ਕਿ ਫਕੀਰ ਨਾਲ ਐਡਾ ਠਾਠ ਬਾਠ ਕਿਉਂ? ਤਾਂ ਹਜੂਰ ਨੇ ਉਤ੍ਰ ਦਿਤਾ, ਵਾਧੂ ਕੁਝ ਵੀ ਨਹੀਂ:– ਇਸਤ੍ਰੀ ਇਮਾਨ ਹੈ, ਬੇਟਾ ਨਿਸ਼ਾਨ ਹੈ, ਦੌਲਤ ਗੁਜ਼ਰਾਨ ਹੈ,
    ਕਰਨੀ ਪ੍ਰਵਾਨ ਫਕੀਰ ਨ ਹਿੰਦੂ ਨ ਮੁਸਲਮਾਨ ਹੈ।

88