ਪੰਨਾ:ਪੂਰਨ ਮਨੁੱਖ.pdf/76

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਝਾਕ ਨਹੀਂ ਸਨ ਰਖਦੇ। ਜੇ ਨਿਰਬਾਹ ਲਈ ਕੁਝ ਪ੍ਰਵਾਨ ਕਰਦੇ ਤਾਂ ਓਸ ਨੂੰ ਦਾਨ ਲੈਣਾ ਨਹੀਂ ਸਗੋਂ ਮੁਆਮਲਾ ਉਗਰਹੁਣਾ ਕਹਿੰਦੇ ਸਨ। ਸੋ ਇਹ ਹੈ ਭੇਦ ਕਮਾਈ ਵਿਚ ਜੋ ਰਹਿਤਵਾਨ ਸਿੰਘ ਨੂੰ ਸਮਝਾਇਆ ਗਿਆ ਹੈ। ਜਿਥੇ ਸੰਜਮਹੀਨ ਮਨੁਖ ਲੋਭ ਦੇ ਵੱਸ ਹੋ ਕਪਟ ਕਰਦਾ ਹੈ ਉਥੇ ਸੰਜਮੀ ਰਹਿਤਵਾਨ ਕੇਵਲ ਲੋੜਾਂ ਪੂਰੀਆਂ ਕਰਨ ਲਈ ਕਿਰਤ ਕਰਦਾ ਹੈ। ਕਰੋਧ ਤੇ ਤੇਜ–

ਚੌਥੀ ਚੀਜ਼ ਮਾਨਸ ਜੀਵਨ ਵਿਚ ਤਰੁਟੀ ਪੈਦਾ ਕਰਨ ਵਾਲੀ ਕਰੋਧ ਹੈ। ਕਰੋਧ ਦੀ ਜੜ੍ਹ ਕਮਜ਼ੋਰੀ ਹੈ। ਜਦ ਹਉਮੈ-ਗ੍ਰਸਤ ਮਨੁਖ ਆਪਣੇ ਤਾਣ ਤੋਂ ਵਧੇਰੇ ਕਾਮਯਾਬੀਆਂ ਪ੍ਰਾਪਤ ਕਰਨ ਦਾ ਲਾਲਚ ਕਰਦਾ ਹੈ ਤਾਂ ਅਸਫਲਤਾ ਹੋਣੀ ਕੁਦਰਤੀ ਹੋਣੀ ਹੁੰਦੀ ਹੈ। ਇਨ੍ਹਾਂ ਨਾਕਾਮਯਾਬੀਆਂ ਤੋਂ ਭੂਲੇ ਮਨੁਖ ਨੂੰ ਕਰੋਧ ਪੈਦਾ ਹੁੰਦਾ ਹੈ। ਇਸ ਕਰਕੇ ਉਹ ਦੀਵਾਨਾ ਜਿਹਾ ਹੋ ਭਲੇ ਬੁਰੇ ਦੀ ਵਿਚਾਰ ਤੋਂ ਰਹਿਤ, ਮਨ ਆਏ ਧੱਕੇ ਸ਼ੁਰੂ ਕਰ ਦੇਂਦਾ ਹੈ। ਕਰੋਧ ਦੀ ਵਯਂ ਤੋਂ ਭਾਵੇਂ ਮਨੁਖ ਇਤਿਹਾਸ ਦੇ ਹਰ ਇਕ ਪਹਿਲੂ ਵਿਚ ਹੁੰਦੀ ਚਲੀ ਦਿਸ ਆਉਂਦੀ ਹੈ ਪਰ ਖਾਸ ਕਰ ਮਜ਼ਹਬੀ ਦੁਨੀਆਂ ਵਿਚ ਇਸ ਦਾ ਬਹੁਤ ਜ਼ੋਰ ਹੈ। ਸਾਰੀਆਂ ਦੁਨੀਆਂ ਨੂੰ ਆਪਣੇ ਦੀਨ ਵਿਚ ਲਿਆਉਣ ਦੇ ਝੂਠੇ ਖਿਆਲ ਵਿਚ ਅਸਫਲ ਹੋਏ[1] ਮਜਾਵਰ, ਕਰੋਧ


  1. ਇਤਹਾਸ ਵਿਚ ਆਇਆ ਹੈ ਜਦ ਵਜ਼ੀਰਖਾਂ ਨਾਜ਼ਮ ਸਰਹੰਦ ਦੇ ਸਾਹਮਣੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਦੋ ਸਾਹਿਬਜ਼ਾਦੇ, ਸਾਹਿਬ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹ ਸਿੰਘ ਜੀ ਪੇਸ਼ ਕੀਤੇ ਗਏ ਤਾਂ ਸੂਬੇ ਦੀ ਇਖਤਲਾਫ਼ ਰਾਏ ਦੇ ਬਾਵਜੂਦ ਭੀ ਮਜ਼ਹਬੀ ਕਾਜ਼ੀਆਂ ਅਤੇ ਮੁਫਤੀਆਂ ਨੇ ਇਨ੍ਹਾਂ ਮਾਸੂਮ ਬਚਿਆਂ ਨੂੰ ਜ਼ਿੰਦਾ ਦੀਵਾਰਾਂ ਵਿਚ ਚੁਣਨ ਦਾ ਫੈਸਲਾ ਦੇ ਦਿਤਾ। ਜਦ ਇਨ੍ਹਾਂ ਦੇ ਇਸ ਫੈਸਲੇ ਨੂੰ ਹਕੂਮਤ ਮਜ਼ਹਬ ਦੇ ਰੁਹਬ ਤੋਂ ਡਰਦੀ, ਮੰਨਣ ਤੇ ਮਜਬੂਰ ਹੋਈ ਤਾਂ ਇਹ ਵਿਚਾਰਿਆ ਗਿਆ ਕਿ ਐਸਾ ਅਤਯਾਚਾਰ ਕਰੇ ਕੌਣ? ਆਖਰ ਵਜ਼ੀਰ ਖਾਂ ਨੇ ਮਲੇਰ ਕੋਟਲੇ ਦੇ ਪਠਾਨ ਸ੍ਰਦਾਰਾਂ ਨੂੰ ਇਸ਼ਾਰਾ ਕਰਕੇ ਕਿਹਾ ਕਿ ਤੁਸਾਡੇ ਬੜੇ ਭਾਈ ਨੂੰ ਇਨ੍ਹਾਂ ਦੇ ਪਿਤਾ ਨੇ ਕਤਲ ਕੀਤਾ ਸੀ। ਇਸ ਕਰਕੇ ਤੁਸਾਂ ਦਾ ਕਸਾਸ (ਖੂਨ ਬਦਲੇ ਖੂਨ) ਇਸ ਖਾਨਦਾਨ ਦੇ ਸਿਰ ਤੇ ਹੈ। ਹੁਣ ਵਕਤ ਹੈ ਚੁਕਾ ਲਵੇ। ਇਹ ਸੁਣਦਿਆਂ ਹੀ ਉਨ੍ਹਾਂ ਪਠਾਣਾਂ ਦੇ ਮੂੰਹੋਂ, ਜੋ ਪੇਸ਼ਾਵਰ ਸਿਪਾਹੀ ਸਨ, ਮਜ਼ਹਬੀ ਮੁਕਦਮ ਨਹੀਂ ਸਨ, ਜਿਹੜੇ ਮਨੁੱਖ ਕਮਜ਼ੋਰੀਆਂ ਕਰਦੇ ਦੁਨੀਆਂ ਦੇ ਐਸੋਇਸ਼ਰਤ ਭੀ ਭੋਗ ਲੈਂਦੇ ਸਨ, ਬਦੋਬਦੀ ਹਾਅ ਦਾ ਨਾਹਰਾ ਨਿਕਲ ਗਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ਬਦਲਾ ਇਨ੍ਹਾਂ ਦੇ ਬਾਪ ਤੋਂ ਲਵਾਂਗੇ, ਇਨ੍ਹਾਂ ਮਾਸੂਮਾਂ ਤੇ

76