ਪੰਨਾ:ਪੂਰਨ ਮਨੁੱਖ.pdf/60

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਖੀ ਜਾ ਸਕਦੀ ਹੈ। ਇਸ ਕਰਕੇ ਪਹਿਲੀ ਰਹਿਤ ਮਾਨਸਕ ਰਹਿਤ ਹੈ। ਸਿਖ ਮਨ ਨੇ ਸਭ ਤੋਂ ਪਹਿਲਾਂ ਇਹਨੂੰ ਮੰਨਣਾ ਹੈ ਕਿ ਉਹ ਜੋਤ ਸਵਰੂਪ ਹੈ ਉਸ ਦਾ ਨਿਜ ਆਪਾ ਜਗਤ ਜੀਵਨ ਸ੍ਰੀ ਵਾਹਿਗੁਰੂ ਜੀ ਦੇ ਆਪੇ ਦੀ ਅੰਸ਼ ਹੈ। ਪਰ ਉਸ ਦੇ ਇਸ ਇਮਾਨ ਨੂੰ ਥਿੜਕਾਉਣ ਲਈ ਕਦਮ ਕਦਮ ਤੇ ਮੁਖਾਲਿਫ ਅਵਾਜ਼ਾਂ ਯਤਨ ਕਰ ਰਹੀਆਂ ਹਨ। ਇਸ ਕਰਕੇ ਉਸ ਨੂੰ ਆਪਣੇ ਨਿਸਚੇ ਨੂੰ ਦ੍ਰਿੜ ਕਰਨ ਲਈ ਸਦਾ ਆਪਣੇ ਸਹੀ ਸਵਰੂਪ ਸ੍ਰੀ ਵਾਹਿਗੁਰੂ ਜੀ ਦੀ ਯਾਦ ਕਾਇਮ ਕਰਨੀ ਚਾਹੀਦੀ ਹੈ, ਜੋ ਅਜਿਹਾ ਕਰਨ ਤੋਂ ਬਿਨਾਂ ਮਨਮੁਖਾਂ ਦੀ ਸੰਗਤ ਤੋਂ ਪੈਦਾ ਹੋਈਆਂ ਆਵਾਂਜਾਂ ਸਹੀ ਨਿਸ਼ਾਨਿਆਂ ਤੋਂ ਥਿੜਕਾ ਦੇਣਗੀਆਂ। ਇਸ ਲਈ[1] ਗੁਰਮੁਖ ਹੋਇਆਂ ਹੀ ਇਹ ਨਿਸਚਾ ਦ੍ਰਿੜ ਰਹਿ ਸਕਦਾ ਹੈ। ਸਤਗੁਰਾਂ ਰਾਹੀਂ ਜਾਗੇ ਹੋਏ ਨਵੇਂ ਮਨੁਖ ਨੇ ਇਹ ਦ੍ਰਿੜ ਕਰਨਾ ਹੈ ਕਿ ਉਹ ਖੁਦ ਅਮਰ ਹੈ ਕਿ ਕਿਉਂ ਜੋ ਸਰਬ ਵਿਆਪਕ ਅਮਰ ਜੋਤੀ ਤੋਂ ਜਗੀ ਹੋਈ ਜੋਤ ਹੈ। ਇਹ ਨਿਸਚਾ ਤਾਂ ਹੀ ਪਰਪੱਕ ਰਹਿ ਸਕਦਾ ਹੈ, ਜੇ ਉਹ ਇਸ ਪਦ ਦਾ ਸਦਾ [2] ਸਿਮਰਨ ਕਰਦਾ ਰਹੇ। ਅਜਿਹਾ ਸਿਮਰਨ ਹੀ ਜੀਵਨ ਨੂੰ ਸਹੀ ਸਵਰੂਪ ਵਿਚ ਕਾਇਮ ਰੱਖ ਸਕਦਾ ਹੈ। ਜੇ ਇਹ ਪਦ ਭੁਲ ਜਾਏ, ਮਨੁਖ ਨਿਸ਼ਾਨੇ ਤੋਂ ਉੱਕ ਜਾਏ ਤਾਂ ਜੀਵਨ ਸਿਖਰ ਤੋਂ ਡਿਗ ਪੈਂਦਾ ਹੈ। ਉਹ ਸਰਬੋਤਮ, ਮਨੁਖ ਨਹੀਂ ਰਹਿੰਦਾ। ਉਸ ਦੀ ਪਤ ਨਹੀਂ ਪੈਂਦੀ, ਉਸਦਾ ਖਾਧਾ, ਪੀਤਾ, ਪਹਿਨਣਾ, ਥਾਏ ਨਹੀਂ ਪੈਂਦਾ। ਉਹ ਉਸ ਰਾਹੀਂ ਵਾਂਗ ਹੁੰਦਾ ਹੈ ਜੋ ਮੰਜ਼ਲ ਦੇ ਰਾਹ ਵਿਚ


  1. ਇਸੁ ਕਾਇਆ ਅੰਦਰਿ ਬਹੁਤੁ ਪਸਾਰਾ।
    ਨਾਮੁ ਨਿਰੰਜਨੁ ਅਤਿ ਅਗਮ ਅਪਾਰਾ।
    ਗੁਰਮੁਖ ਹੋਵੇ ਸੇਈ ਪਾਏ।
    ਆਪੇ ਬਖਸਿ ਮਿਲਾਵਣਿਆ।

    (ਮਾਝ ਮਹਲਾ ੩)

  2. ਜਪਿ ਮਨ ਸਿਰੀ ਰਾਮ। ਰਾਮ ਰਮਤ ਰਾਮ ਸਤਿ, ਸਤਿ, ਰਾਮੁ। ਬੋਲਹੁ ਭਈਆ ਸਦਾ ਰਾਮ। ਰਾਮੁ ਰਾਮੁ ਰਵਿ ਰਹਿਆ ਸਰਬਗੇ।

    (ਸਾਰੰਗ ਮਹਲਾ ੪)

60