ਪੰਨਾ:ਪੂਰਨ ਮਨੁੱਖ.pdf/6

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਬਦੀਲੀ ਲਿਆ ਮਨੁੱਖ ਜੀਵਨ ਲਈ ਨਵੇਂ ਰਸਤੇ ਖੋਲ੍ਹਦਾ ਹੈ। ਭਾਵੇਂ ਆਮ ਸੁਸਤ ਦੁਨੀਆਂ ਵਿਚ ਯੁਗ ਪਲਟਿਆਂ ਤੇ ਯੁਗ ਪਲਟਾਊਆਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ, ਪਰ ਕੁਦਰਤ ਦੇ ਬੇਪ੍ਰਵਾਹ ਵਹਿਣ ਵਿਚ ਪੁਰਾਤਨਤਾ ਦੇ ਪੁਜਾਰੀਆਂ ਤੇ ਸੁਸਤੀ ਅਤੇ ਪ੍ਰਮਾਦ ਦੇ ਗਰਸੇ ਹੋਏ ਪਿਛਾਂਹ ਖਿੱਚੂਆਂ ਦੀ ਚੀਖੋ-ਪੁਕਾਰ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾਂਦੀ। ਸਮੇਂ ਦਾ ਪਲਟਾ ਨਦੀ ਦੇ ਤਿੱਖੇ ਵੇਗ ਵਾਂਗ ਰਾਹ ਵਿਚ ਆਉਣ ਵਾਲੀਆਂ ਚੀਲਾਂ ਤੇ ਪਿਆਰਾਂ ਨੂੰ ਉਖੇੜਦਾ ਤੇ ਵੱਟਾਂ ਦੇ ਬੰਨਿਆਂ ਨੂੰ ਟੱਪਦਾ ਚਲਾ ਜਾਂਦਾ ਹੈ। ਉਹ ਪਿਛਾਂਹ ਖਿੱਚੂਆਂ ਦੇ ਪੱਲੇ ਫੜ ਫੜ ਰੋਕਣ ਨਾਲ ਨਹੀਂ ਰੁਕਦਾ। ਉਹ ਚੀਕਾਂ ਤੇ ਪੁਕਾਰਾਂ ਨੂੰ ਨਹੀਂ ਸੁਣਦਾ, ਅਗਾਂਹ ਹੀ ਦੌੜਿਆ ਜਾਂਦਾ ਹੈ।[1]ਉਹ ਦੌੜੇ ਭੀ ਕਿਉਂ ਨਾ, ਨਵੇਂ ਜੀਵਨ ਦਾ ਸੰਦੇਸ਼ ਜੁ ਹੋਇਆ। ਜੇ ਉਹ ਕਿਰਤਮ ਜਗਤ ਦੇ ਕੰਨ ਤੱਕ ਨਾ ਪੁਜੇ ਤਾਂ ਖੇੜਿਆਂ, ਹੁਲਾਸਾਂ, ਉਲਾਸਾਂ ਤੇ ਉਮਾਹਾਂ ਦਾ ਅੰਤ ਹੋ ਜਾਏ। ਜਗਤ ਜੀਵਨ ਦੀ ਜੁਆਲਾ ਨਿਰਾਸਤਾ ਤੇ ਮਾਯੂਸੀਆਂ ਦੇ ਝੋਕਿਆਂ ਨਾਲ ਬੁਝ ਜਾਏ; ਪਰ ਕਰਤਾ ਨੂੰ ਅਜਿਹਾ ਕਿਸ ਤਰ੍ਹਾਂ ਪ੍ਰਵਾਨ ਹੋ ਸਕਦਾ ਹੈ? ਕੋਈ ਮਾਲੀ ਭੀ ਇਹ ਪਸੰਦ ਨਹੀਂ ਕਰ ਸਕਦਾ ਕਿ ਉਸ ਦੇ ਬਾਗ਼ ਵਿਚ ਨਵੇਂ ਖੇੜੇ ਨਾ ਆਵਣ, ਤੇ ਖੇੜਿਆ ਲਈ ਪਤਝੜ ਜ਼ਰੂਰੀ ਹੈ।ਜਿੰਨਾ ਚਿਰ ਪੁਰਾਣੇ ਪੱਤੇ ਨਹੀਂ ਝੜ ਜਾਂਦੇ, ਨਵੀਆਂ ਕਰੂੰਬਲਾਂ ਨੂੰ ਫੁੱਟਣ ਲਈ ਜਗ੍ਹਾ ਨਹੀਂ ਮਿਲ ਸਕਦੀ। ਇਹੀ ਕਾਰਨ ਹੈ ਕਿ ਇਸ ਜਗਤ-ਬਾਗ਼ ਦਾ ਮਾਲੀ "ਕਰਤਾ ਪੁਰਖ" ਪਤਝੜ ਦੇ ਤੂਫਾਨਾਂ ਰਾਹੀਂ ਨਵੇਂ ਜਗਤ ਜੀਵਨ ਦੇ ਸੰਦੇਸ਼ ਘੁਲਦਾ ਰਹਿੰਦਾ ਹੈ। ਇਹਨਾਂ ਤੂਫਾਨਾਂ ਵਿਚ ਹੀ ਜਗਤ ਪਲਟਾ ਬੰਦ ਹੁੰਦਾ ਹੈ ਤੇ ਇਹਨਾਂ ਪਲਟਿਆਂ ਦੇ ਬਾਅਦ ਹੀ ਨਵਾਂ ਯੁੱਗ ਅਰੰਭ ਹੁੰਦਾ ਹੈ।


  1. ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ
       ਫੜ ਫੜ ਰਹੀ ਧੂਹ ਸਮੇਂ ਖਿਸਕਾਈ ਕੰਨੀ
       ਕਿਵੇਂ ਨ ਸਕੀ ਰੋਕ ਅਟਕ ਜੇ ਪਾਈ ਭੰਨੀ
       ਤਿੱਖੇ ਅਪਣੇ ਵੇਗ, ਗਿਆ ਟਪ ਬੰਨੇ ਬੰਨੀ

       

    (ਭਾਈ ਵੀਰ ਸਿੰਘ)

6