ਪੰਨਾ:ਪੂਰਨ ਮਨੁੱਖ.pdf/54

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹਿਤ ਹੀ ਖਾਲਸੇ ਦੇ ਜੀਵਨ ਦੀ ਨਿਯਮਾਵਲੀ ਹੈ। ਇਸ ਵਿਚ ਬਝਾ ਹੋਇਆ ਹੀ ਸਿੰਘ ਦਾ ਅਮਰ ਜੀਵਨ, ਜਗਤ ਕਲਿਆਨ ਕਾਰੀ ਹੋ ਸਕਦਾ ਹੈ। ਸਿੰਘ ਜੀਵਨ, ਸ਼ਖਸੀ, ਪੰਥਕ ਤੇ ਜਗਤ ਵਰਤੋਂ ਤਿੰਨਾਂ ਹਿਸਿਆਂ ਵਿਚ ਤਕਸੀਮ ਹੈ। ਇਸ ਲਈ ਤਿੰਨਾਂ ਕਿਸਮਾਂ ਦੀ ਰਹਿਤ ਹੀ ਸਿੰਘ ਲਈ ਮੁੱਕਰਰ ਕੀਤੀ[1] ਗਈ ਹੈ।


  1. ਕਈ ਇਕ ਗੁਰਮਤ ਤੋਂ ਅਨਜਾਣ ਵਿਦਵਾਨਾਂ ਬਲਕਿ ਸਿੱਖਾਂ ਨੂੰ ਵੀ ਇਹ ਖਿਆਲ ਹੈ ਕਿ ਸ਼ਖਸੀ ਰਹਿਤ ਤੋਂ ਮੁਰਾਦ ਸ਼ਾਇਦ ਕੇਵਲ ਸਰੀਰਕ ਰਹਿਤ ਹੀ ਹੈ। ਉਹ ਆਮ ਤੌਰ ਤੇ ਸਿੰਘ ਦੇ ਸਰੀਰ ਤੇ ਧਾਰਨ ਕਰਨ ਵਾਲੇ ਚਿਨ੍ਹਾਂ ਨੂੰ ਪੂਰਨ ਸ਼ਖਸੀ ਰਹਿਤ ਸਮਝਦੇ ਤੇ ਬਿਆਨ ਕਰਦੇ ਹਨ, ਪਰ ਇਹ ਗੱਲ ਗਲਤ ਹੈ। ਸਤਿਗੁਰਾਂ ਨੇ ਸਿਖ ਦੀ ਸ਼ਖਸੀਅਤ ਦੇ ਤਿੰਨ ਰੰਗ ਮੰਨੇ ਹਨ। ਗੁਰਬਾਣੀ ਸਿਖ ਇਤਿਹਾਸ ਤੇ ਰਹਿਤ ਨਾਮਿਆਂ ਵਿਚ ਹਰ ਜਗ੍ਹਾ ਰਹਿਤ ਦਾ ਬਿਆਨ ਕਰਦਿਆਂ ਹੋਇਆਂ ਸ਼ਖਸੀ ਰਹਿਤ ਨੂੰ ਤਿੰਨਾਂ ਅੰਗਾਂ ਵਿਚ ਬਿਆਨ ਕੀਤਾ ਗਿਆ ਹੈ। ਕੇਵਲ ਸਰੀਰਕ ਰਹਿਤ ਰਖਣੀ ਹੀ ਕਾਫ਼ੀ ਨਹੀਂ, ਕਿਉਂਕਿ ਜਿਸ ਤਰ੍ਹਾਂ ਇਕ ਲਾਲਟੈਨ ਵਿਚ ਅੰਦਰ ਬੱਤੀ ਹੁੰਦੀ ਹੈ। ਉਪਰ ਚਿਮਨੀ ਤੇ ਚਿਮਨੀ ਦੇ ਬੱਚਾ ਲਈ ਬਾਹਰ ਲੋਹੇ ਦੀਆਂ ਤਾਰਾਂ ਦਾ ਜੰਗਲਾ ਹੁੰਦਾ ਹੈ। ਜੇ ਅੰਦਰੋਂ ਬੱਤੀ ਬਲੇ, ਚਿਮਨੀ ਸਾਫ ਹੋਵੇ, ਜੰਗਲਾ ਦਰੁਸਤ ਹੋਵੇ ਤਾਂ ਹੀ ਲਾਲਟੈਨ ਸਹੀ ਅਰਥਾਂ ਵਿਚ ਆਪਣਾ ਪੂਰਾ ਕੰਮ ਦੇ ਸਕਦੀ ਹੈ। ਏਸ ਤਰ੍ਹਾਂ ਹੀ ਸਿਖ ਦੇ ਅੰਦਰ ਆਤਮੇ ਜੋਤ ਜਗੈ, ਮਨ ਵਿਚ ਨੇਕੀ ਵਸੇ, ਤੇ ਸਰੀਰ ਉਪਕਾਰ ਵਿਚ ਜੁੜੇ ਤਾਂ ਹੀ ਸਿੰਘ ਜੀਵਨ ਸਫਲ ਹੈ। ਇਨ੍ਹਾਂ ਤਿੰਨਾਂ ਗੁਣਾਂ ਲਈ ਰਹਿਤ ਦੇ ਅਡੋ ਅੱਡ ਹਿਸੇ ਬਿਆਨ ਕੀਤੇ ਗਏ ਹਨ। ਅੰਤਰ ਆਤਮੇ ਪ੍ਰਕਾਸ਼ ਬਿਨਾਂ ਮਨ ਵਿਚ ਸਦੀਵ ਨੇਕੀ ਨਹੀਂ ਵਸ ਸਕਦੀ ਤੇ ਨੇਕ ਮਨ ਤੋਂ ਬਿਨਾਂ ਤਨ ਤੇ ਧਾਰੇ ਹੋਏ ਚਿੰਨ੍ਹ ਭੇਖ ਰੂਪ ਹੋ ਜਾਂਦੇ ਹਨ। ਸਤਿਗੁਰਾਂ ਨੇ ਭੇਖ ਨੂੰ ਕਦੇ 'ਕਾਨੂੰਨ ਭੇਖ ਭੀਜਹੂੰ। ਅਲੇਖ ਲੇਖ ਬੀਜਹੂੰ॥' ਪਸੰਦ ਨਹੀਂ ਕੀਤਾ ਤੇ ਇਹੀ ਵਜ੍ਹਾ ਹੈ ਕਿ ਸਾਹਿਬਾਂ ਨੇ ਪੂਰਨ ਰਹਿਤਵਾਨ ਹੋਣ ਤੋਂ ਬਿਨਾਂ ਕੇਸਾਧਾਰੀ ਹੋਣ ਨੂੰ ਵੀ ਭੇਖ ਹੀ ਬਿਆਨ ਕੀਤਾ ਹੈ ਤੇ ਕੇਸਾਂ ਨੂੰ ਵੀ ਜੋ ਕਿ ਪ੍ਰਗਟ ਚਿੰਨ੍ਹਾਂ ਵਿਚੋਂ ਸ਼ਰੋਮਣੀ ਸਮਝੇ ਜਾਂਦੇ ਹਨ, ਰਹਿਤ ਬਿਨਾਂ ਨਿੰਦਿਆ ਹੈ:–

    ਦੇ ਰਹਤ ਬਿਨ ਦਿਜ ਨਾ ਸੁਹਾਵਤ। ਸੀਲ ਰਹਤ ਕੁਲ ਨਾਰ ਨਾ ਭਾਵਤ।
    ਬੇਗ ਰਹਿਤ ਜਿਵ ਬਾਜੀ ਹੀਨ। ਰਹਤ ਬਿਨਾ ਸਿਰੁ ਕੇਸ ਮਲੀਨ।
    ਜਿਓ ਕਾਹੂ ਲੈ ਗਧਾ ਨਵਾਹਿਓ। ਫੂਲ ਮਾਲ ਤਹਿ ਮੁੰਡ ਧਰਾਇਓ।
    ਤੈਕੀ ਕਰ, ਤਾਂਕੀ ਸੋਭਾ ਨਾਹੀਂ। ਹਾਸੀ ਜੋਗ ਹੋਏ ਜਗ ਮਾਹੀਂ।
    ਤਿਮ ਕੁਰਹਤੀਏ ਕੇਸ ਰਖਾਏ। ਕਹੁ ਸੋ ਕੈਸੇ ਸੋਭਾ ਪਾਏ।
    ਰਹਤ ਸੋ ਕੈਸਨ ਕੇ ਅਤਭੂਖਨ। ਰਹਤ ਬਿਨਾਂ ਸਿਰ ਕੇਸ ਭੀ ਦੂਖਨ।
    ਰਹਤਵਾਨ ਜਗ ਸਿੰਘ ਜੋ ਕੋਈ। ਗੁਰ ਕੇ ਲੋਗ ਬਸੇਂਗੇ ਤੋਈ।
    ਰਹਣੀ ਰਹੇ ਸੋਈ ਸਿਖ ਮੇਰਾ। ਓਹ ਠਾਕਰ ਮੈਂ ਓਸ ਦਾ ਚੇਰਾ।
                           (ਰਹਿਤਨਾਮਾ ਭਾਈ ਦੇਸਾ ਸਿੰਘ)
                               (ਬਾਕੀ ਦਾ ਛੁਟਨੋਟ ਅਗਲੇ ਸਫ਼ੇ ਤੇ)

54