ਪੰਨਾ:ਪੂਰਨ ਮਨੁੱਖ.pdf/52

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਰਯਾ ਪੈਂਦੇ ਹਨ। ਉਨ੍ਹਾਂ ਨੂੰ ਠਿਲ੍ਹ ਪਾਰ ਲੰਘਣਾ ਹੀ ਮਰਦਊ ਹੈ। ਇਨ੍ਹਾਂ ਰੋਕਾਂ ਨੂੰ ਪੁਰਾਤਨਤਾ ਨੇ ਬੇਰੂਨੀ ਵਿਅਕਤੀਆਂ ਕਲਪ ਕਰ ਬਿਆਨ ਕੀਤੀ ਸੀ। ਉਨ੍ਹਾਂ ਦੇ ਖਿਆਲ ਵਿਚ[1] ਸ਼ੈਤਾਨ ਰੱਬ ਨਾਲ ਰੁਸੇ, ਬੰਦੇ ਨੂ ਗੁਮਰਾਹ ਕਰਨ ਤੇ ਕਲਜੁਗ ਆਪਣਾ ਰਾਜ ਅਸਥਾਪਨ ਕਰਨ ਲਈ ਮਨੁਖ ਨੂੰ ਭਰਮਾਨ ਤੇ ਤੁਲਿਆ ਹੋਇਆ ਹੈ; ਪ੍ਰੰਤੂ ਨਵੇਂ ਮਨੁਖ ਜੀਵਨ ਵਿਚ ਇਹ ਸਮਝਾਇਆ ਗਿਆ ਕਿ ਤੂੰ ਜੋਤ ਸਵਰੂਪ ਹੈਂ ਤੇ ਤੈਥੋਂ ਆਕੀ ਹੋ ਕੇ ਕੋਈ ਦੂਜਾ ਤੇਰਾ ਮੁਕਾਬਲਾ ਨਹੀਂ ਕਰ ਸਕਦਾ। ਹਾਂ ਜੇ ਤੂੰ ਹੀ ਕੁਸੰਗਤ ਕਰ ਕੇ ਆਪਣਾ ਆਪ ਭੁਲ ਜਾਵੇਂ ਤਾਂ ਭੁਲ ਵਿਚੋਂ ਅੰਧੇਰਾ ਪੈਦਾ ਹੋਵੇਗਾ ਤੇ ਅੰਧੇਰੇ ਵਿਚ ਠੋਕਰਾਂ ਜ਼ਰੂਰ ਲਗਣਗੀਆਂ। ਇਹ ਆਪੇ ਦੀ ਭੁਲ ਤੋਂ ਪੈਦਾ ਹੋਇਆ ਅੰਧੇਰਾ ਹੀ ਹਉਮੈਂ ਹੈ। ਇਸ ਨੇ ਹੀ ਚੌਹਾਂ ਵਰਨਾਂ ਨੂੰ ਮਲ ਸੁਣਿਆ ਹੈ। ਖਟ ਦਰਸ਼ਨ ਸਾਧੂਆਂ ਨੂੰ ਦਲ ਦਿਤਾ ਹੈ। ਬੜੇ ਬੜੇ ਸੁੰਦਰ ਸੁਘੜ ਸਵਰੂਪ ਤੇ ਸਿਆਣੇ ਇਸ ਦੇ[2] ਛਲ ਵਿਚ ਆ ਹੈਰਾਨ ਹੋ ਰਹੇ ਹਨ। ਜਿਸ ਤਰ੍ਹਾਂ ਹਨੇਰੇ ਵਿਚ ਆਪਣੇ ਹੀ ਮਨ ਦੀ ਕਮਜ਼ੋਰੀ ਕਰਕੇ ਮਨੁਖ ਨੂੰ ਭਾਂਤ ਭਾਂਤ ਦੀਆਂ ਭਿਆਵਲੀਆਂ ਮੂਰਤੀਆਂ ਦਿੱਸ ਆਉਂਦੀਆਂ ਹਨ, ਓਦਾਂ ਹੀ ਇਹ ਮਹਾਂ ਮੋਹ ਵੀ ਭੁਲੇ ਹੋਏ ਮਨੁਖ ਦੇ ਸਾਹਮਣੇ ਕਮਜ਼ੋਰੀਆਂ ਮਾਯੂਸੀਆਂ ਤੇ ਤਰੁਟੀਆਂ ਦੀਆਂ ਫੌਜਾਂ ਲਿਆ ਖਲਿਆਰਦਾ ਹੈ। ਪੰਜ ਤਾਂ ਇਸ ਦੇ ਮਸ਼ਹੂਰ ਸੈਨਾਪਤੀ ਹਨ ਤੇ ਜੇ ਮਨੁਖ ਸੁਚੇਤ ਨਾ ਰਹੇ ਤਾਂ ਉਹ ਉਸ ਦੇ ਅੰਦਰੋਂ[3] ਅੰਮ੍ਰਿਤ ਦੀ ਦਾਤ ਹੀ ਲੁਟ ਖੜਦੇ ਹਨ। ਅੰਮ੍ਰਿਤ ਹੀਨ ਜੀਵਨ ਤੇ ਮੌਤ ਤਾਂ ਸੁਤੇ ਆ ਹੀ ਜਾਣੀ ਹੋਈ। ਇਸ ਲਈ ਸੁੱਤਾ ਹੋਇਆ


  1. ਬਾਈਬਲ ਤੇ ਉਸ ਦੇ ਅਧਾਰ ਤੇ ਲਿਖੀਆਂ ਪੁਸਤਕਾਂ ਵਿਚ ਇਹ ਬਿਆਨ ਆਇਆ ਹੈ ਕਿ ਫਰਿਸ਼ਤਿਆਂ ਦਾ ਸ੍ਰਦਾਰ ਅਜ਼ਾਜ਼ੀਲ ਪ੍ਰਮੇਸ਼ਵਰ ਦੇ ਇਹ ਕਹਿਣ ਤੇ ਕਿ ਉਹ ਨੂਰੀ ਮਨੁੱਖ ਨੂੰ ਜੋ ਖ਼ਾਕੀ ਸੀ ਸਿਜਦਾ ਕਰੋ, ਉਹ ਨਾਰਾਜ਼ ਹੋ ਗਿਆ ਤੇ ਉਸ ਨੇ ਪਹਿਲੇ ਦਿਨ ਤੋਂ ਪ੍ਰਣ ਕਰ ਲਿਆ ਕਿ ਉਹ ਮਨੁੱਖ ਨੂੰ ਪ੍ਰਮੇਸ਼ਵਰ ਤੋਂ ਪਾੜੇਗਾ।
  2. ਚਾਰਿ ਬਚਨ ਚੌਉਹਾਂ ਕੇ ਮਰਦਨ ਖਟੁ ਦਰਸਨ ਕਰ ਤਲੀ ਰੇ॥
    ਸੁੰਦਰ ਸੁਘਰ ਸਰੂਪ ਸਿਆਣ ਪੰਚਹੁ ਕੀ ਮੋਹੀ ਛਲੀ ਰੇ।

  3. ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ, ਕ੍ਰੋਧ, ਲੋਭ, ਮੋਹੁ, ਅਹੰਕਾਰਾ॥
    ਅੰਮ੍ਰਿਤ ਲੂਟਹਿ ਮਨਮੁਖ ਨਹੀਂ ਬੂਝਹਿ ਕੋਇ ਨ ਸੁਣੈ ਪੁਕਾਰਾ।

52