ਪੰਨਾ:ਪੂਰਨ ਮਨੁੱਖ.pdf/37

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇ ਕਿਹਾ ਸੀ, "ਭਾਵੇਂ ਗੁਰੂ ਆਗਿਆ ਨਾਲ ਸਿੱਖ ਪ੍ਰੀਤ ਦੇ ਬਝੇ ਮਾਹੀ

ਵਲ ਤੁਰੇ ਜਾਂਦੇ ਹਨ, ਪਰ ਰਸਤਾ ਬੜਾ ਬਿਖਮ ਹੈ। ਰਾਹ ਵਿਚ ਔਕੜਾਂ, ਜੰਗਲ ਤੇ ਬਲਾਵਾਂ ਹਨ, ਲੱਖਾਂ ਸ਼ੇਰ ਬੁੱਕਦੇ ਅਤੇ ਨਾਗ ਫੁੰਕਾਰਦੇ ਹਨ, ਮੀਂਹ ਰਾਹ ਰੋਕੀ ਖੜੋਤੇ ਹਨ। ਸੁਆਦਲੀ ਗੱਲ ਇਹ ਹੈ ਕਿ ਜਿਹੜੇ ਇਹ ਮੁਸ਼ਕਲਾਂ ਲੰਘ ਮੰਜ਼ਲ ਤੇ ਅੱਪੜ ਭੀ ਗਏ, ਉਹਨਾਂ ਨੂੰ ਭੀ ਇਮਤਿਹਾਨ ਦੇਣਾ ਪਵੇਗਾ। ਜੋ ਪਾਸ ਹੋਏ, ਮਾਲਕ ਦੇ ਦਰ ਉਹੀ ਪ੍ਰਵਾਨ ਹੋਣਗੇ"[1]ਓੜਕ ਸਭ ਮੁਸ਼ਕਲਾਂ ਲੰਘ ਸਿੰਘ ਸਿੱਖ ਗੁਰੂ ਦਰ ਆ ਹੀ ਜੁੜੇ। ਵਸਤੀਓ ਥੋੜੀ ਦੂਰ ਇਕ ਰਮਣੀਕ ਟਿੱਲੇ ਤੇ ਦਿਵਾਨ ਸਜ ਗਿਆ ਅਤੇ ਇਮਤਿਹਾਨ ਹੋਣ ਲੱਗਾ। ਇਮਤਿਹਾਨ ਵਿਚ ਬਹੁਤ ਸੁਆਲ ਨਾ ਕੀਤੇ ਗਏ ਸਗੋਂ ਸਭ ਤੋਂ ਪਹਿਲਾਂ ਅਤੇ ਪ੍ਰਧਾਨ ਸੁਆਲ ਹੀ ਪੁਛਿਆ ਗਿਆ। ਉਹ ਸੀ ਮਨੁਖ ਦਾ ਆਪਣੀ ਜ਼ਾਤ ਨੂੰ ਸਮਝਣਾ। ਗੁਰੂ ਨਾਨਕ ਨੇ ਪਿਹਲੇ ਦਿਨ ਹੀ ਉਸ ਨੂੰ ਆ ਕੇ ਦੱਸਿਆ ਸੀ ਕਿ "ਉਹ ਜੋਤ ਜਰੂਪ ਹੈ। ਅਬਿਨਾਸ਼ੀ ਜੋਤ ਤੋਂ ਜਗੀ ਹੋਈ ਬੱਤੀ ਹੈ। ਜਗਤ ਜੀਵਨ ਸਾਗਰ ਦੀ ਇਕ ਲਹਿਰ ਹੈ। ਉਸ ਦਾ ਰੂਪ ਭਾਵੇਂ ਬਦਲ ਜਾਏ, ਜਾਤ ਨਹੀਂ ਬਦਲ ਸਕਦੀ। ਉਹ ਅਬਿਨਾਸ਼ੀ ਦਾ ਅਕਸ ਹੋਣ ਕਰਕੇ ਅਬਿਨਾਸ਼ੀ ਹੈ। ਉਸ ਨੂੰ ਦ੍ਰਿੜ ਕਰ ਲੈਣਾ ਚਾਹੀਦਾ ਹੈ ਕਿ ਉਸ ਦਾ ਨਿਜ ਸਰੂਪ ਅਮਰ ਜੋਤੀ ਹੈ। ਮੌਤ ਉਸ ਨੂੰ ਮਾਰ ਨਹੀਂ ਸਕਦੀ, ਸਗੋਂ ਪਲਟੇ ਨਵੇਂ ਖੇੜੇ ਲਿਆਉਂਦੇ ਹਨ"। ਸੋ ਇਸ ਵੱਡੇ ਸੁਆਲ ਦਾ ਉਤ੍ਰ ਪੁਛਿਆ ਗਿਆ ਪਰ ਪੁਛਿਆ ਗਿਆ ਅਮਲੀ ਤੌਰ ਤੇ। ਸਤਿਗੁਰਾਂ ਨਿਰਾ ਜਬਾਨੀ ਗਿਆਨ ਕਦੀ ਨਹੀਂ ਸੀ ਦਿਤਾ, ਉਹ ਹਰ ਗਲ ਨੂੰ ਅਮਲੀ ਤੌਰ ਤੇ ਹੀ ਸਮਝਾਂਦੇ ਸਨ। ਇਸ ਕਰ ਕੇ ਪ੍ਰਸ਼ਨਾਂ ਦਾ ਉੱਤਰ ਭੀ ਅਮਲੀ ਤੌਰ 'ਤੇ ਹੀ ਮੰਗਿਆ। ਦਸਵੇਂ ਜਾਮੇ


  1. ਮੁਸ਼ਕਲ ਮਿਲਣ ਮਾਹੀ ਨੂੰ ਹੀਰੇ, ਔਝੜ ਝੰਗ ਬਲਾਈਂ।
    ਕਰ ਕਰ ਸ਼ੇਰ ਜਮਾਤੀਂ ਬੈਠੇ, ਨਾਗ ਕੁੰਡਲ ਬਲ ਪਾਈਂ।
    ਪੰਧ ਮੁਹਾਲ ਨ ਦੇਂਦੇ ਜਾਵਣ, ਮੱਲ ਡਕੇ ਬਹਿਣ ਸਰਾਈਂ।
    ਅੱਗੇ ਬੇਪਰਵਾਹ ਰੰਝੇਟਾ, ਭਾਵੇਂ ਮਿਲਣ ਸਜਾਈਂ।

    (ਹਜੂਰੀ 'ਬਿਹੰਗਮ' ਕਵੀ)

37