ਪੰਨਾ:ਪੂਰਨ ਮਨੁੱਖ.pdf/35

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਕੇਵਲ ਏਨੀ ਗੱਲ ਦਾ ਹੀ ਚਮਤਕਾਰ ਸੀ ਕਿ ਆਤਮ ਗਿਆਨੀ ਵਡੇਰੀ ਉਮਰ ਦਾ ਹੀ ਵਿਰਸਾ ਨਹੀਂ ਹੁੰਦਾ, ਕਿਉਂਕਿ ਉਹ ਸਿਖੀ ਹੋਈ ਚੀਜ਼ ਨਹੀਂ ਹੁੰਦੀ ਸਗੋਂ ਸਫੁਟ ਚਸ਼ਮੇ ਵਾਂਗ ਆਤਮਾ ਦੀ ਗਹਿਰਾਈ ਵਿਚੋਂ ਸੁਤੇ ਸਿੱਧ ਹੀ ਪ੍ਰਕਾਸ਼ਦਾ ਹੈ। ਨੌਵੇਂ ਜਾਮੇ ਵਿਚ ਮਨੁਖ ਮਾਤਰ ਨੂੰ ਆਪਣਾ ਆਪ ਜਾਣ, ਦੂਜਿਆਂ ਦੀ ਭਲਾਈ ਲਈ ਆਪਾ ਕੁਰਬਾਨ ਕਰਨ ਦੀ ਜਾਚ ਸਿਖਾਈ ਗਈ ਅਤੇ ਇਹ ਦੱਸਿਆ ਗਿਆ ਕਿ ਜਗਤ ਭਲਾਈ ਦੇ ਦਾਹਵੇਦਾਰਾਂ ਲਈ ਸੰਸਾਰ ਦੀ ਕਿਸੇ ਵੱਡੀ ਤੋਂ ਵੱਡੀ ਹਕੂਮਤ ਦਾ ਰੋਹਬ ਭੀ ਇਰਾਦਿਆਂ ਨੂੰ ਕਮਜ਼ੋਰ ਕਰਨ ਵਾਲਾ ਨਹੀਂ ਹੋ ਸਕਦਾ। ਜੀਉਂਦਾ ਮਨੁਖ ਆਪਾ ਵਾਰ ਮੁਰਦਿਆਂ ਨੂੰ ਜਿੰਦਾ ਕਰ ਜਾਂਦਾ ਹੈ'। ਸ਼ਹੀਦ ਖ਼ੂਨ ਕੌਮਾਂ ਦੀਆਂ ਮੁਰਦਾ ਨਾੜੀਆਂ ਵਿਚ ਨਵੇਂ ਸਿਰਿਓਂ ਜਾਨ ਪਾ ਦਿੰਦਾ ਹੈ। ਇਹ ਮਹਾਨ ਸਿਖਿਆ ਜ਼ਬਾਨੀ ਹੀ ਨਹੀਂ ਦਿਤੀ ਗਈ, ਕਿਸੇ ਤਖ਼ਤੇ ਬੋਰਡ ਤੇ ਲਿਖ ਕੇ ਹੀ ਨਹੀਂ ਸਮਝਾਈ ਗਈ ਸਗੋਂ ਪਿਛਲਿਆਂ ਤਮਾਮ ਸਬਕਾਂ ਵਾਂਗ ਇਹ ਸੰਥਾ ਭੀ ਅਮਲੀ ਹੀ ਪੜ੍ਹਾਈ ਗਈ ਅਤੇ ਗੁਰੂ ਨਾਨਕ ਦੇ ਨੌਵੇਂ ਜਾਮੇ[1] ਨੇ ਆਪਣੇ ਆਪ ਨੂੰ ਮਜ਼ਲੂਮਾਂ ਲਈ ਕੁਰਬਾਨ ਕਰਵਾ, ਸੀ ਨਾ ਕਰਦਿਆਂ ਹੋਇਆਂ, ਸੀਸ ਦੇ ਨਵੇਂ ਮਨੁਖ ਨੂੰ ਉਪਕਾਰ ਹਿਤ ਕੁਰਬਾਨ ਹੋਣ ਲਈ ਤਿਆਰ ਕੀਤਾ। ਦਸਵੇਂ ਸਰੀਰ ਵਿਚ, ਜੋ ਆਖ਼ਰੀ ਸੀ, ਸਾਰੀ ਸੰਥਾ ਨੂੰ ਇਹ ਪੜ੍ਹ ਕੇ ਦੁਹਰਇਆ ਗਿਆ ਅਤੇ ਫਿਰ ਸਿਖੇ ਹੋਏ ਮਨੁਖ ਦਾ ਇਮਤਿਹਾਨ ਲਿਆ। ਉਹ ਕਿਸ ਤਰ੍ਹਾਂ ਪਾਸ ਹੋਇਆ ਅਤੇ ਉਸ ਨੇ ਕਿਸ ਤਰ੍ਹਾਂ ਆਪਣੀ ਵਿਰਾਸਤ ਸੰਭਾਲੀ, ਇਸ ਦਾ ਜ਼ਿਕਰ ਅਗਲੇ ਬਾਬ ਵਿਚ ਆਵੇਗਾ। ਇਥੇ ਇਤਨਾ ਹੀ ਸਮਝ ਲੈਣਾ ਚਾਹੀਦਾ ਹੈ ਕਿ ਢਾਈ ਸੌ ਸਾਲਾਂ ਦਾ ਸਮਾਂ, ਜਿਸ ਵਿਚ ਗੁਰੂ ਨਾਨਕ ਨੇ ਦਸ ਤਨ ਧਾਰ ਮਨੁਖ ਨੂੰ ਨਵਾਂ ਚਲਣ ਸਿਖਾਇਆ, ਸਿਖਸ਼ਾ ਦਾ ਸਮਾਂ ਸੀ ਅਤੇ ਇਸ ਸਮੇਂ ਨਵੇਂ ਚਲਣ ਵਾਲੇ ਵਿਦਿਆਰਥੀਆਂ ਨੂੰ ਸਿਖ ਕਿਹਾ ਜਾਂਦਾ ਰਿਹਾ।


  1. ਸਾਧਨ ਹੇਤਿ ਇਤੀ ਜਿਨ ਕਰੀ। ਸੀਸ ਦੀਆ ਪਰ ਸੀ ਨ ਉਚਰੀ॥
    ਧਰਮ ਹੇਤ ਸਾਕਾ ਜਿਨ ਕੀਆ। ਸੀਸ ਦੀਆ ਪਰ ਸਿਰਰੁ ਨ ਦੀਆ॥

35