ਪੰਨਾ:ਪੂਰਨ ਮਨੁੱਖ.pdf/34

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਰਿਆਂ ਵਿਚ ਚਾਨਣ ਹੁੰਦਾ ਹੈ। ਇਹੋ ਗੱਲ ਗੁਰੂ ਤੋਂ ਸਮਝਣੀ[1] ਹੈ ਕਿ ਗਿਆਨ ਪ੍ਰਦਾਤੀ ਜੋਤ ਹਰ ਘਟ ਵਿਚ ਜਗ ਰਹੀ ਹੈ ਅਤੇ ਜਿਸ ਹਿਰਦੇ ਤੋਂ ਇਹ ਪੁਰਾਤਨਤਾ ਦੇ ਪਰਦੇ ਉਤਰ ਜਾਂਦੇ ਹਨ, ਉਥੋਂ ਹੀ ਉਸ ਦਾ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ। ਆਪ ਨੇ ਇਸ ਗੱਲ ਨੂੰ ਦ੍ਰਿੜ ਕਰਾਣ ਲਈ ਆਤਮ ਗਿਆਨ ਦਾ ਇਕ ਗ੍ਰੰਥ ਰਚਿਆ, ਜਿਸ ਵਿਚ ਆਪਣੀ ਤਰਫ਼ੋਂ ਦਿਤੇ ਗਏ ਆਤਮ ਗਿਆਨ ਤੋਂ ਬਿਨਾਂ ਮੁਖ਼ਤਲਿਫ ਜਾਤੀਆਂਞ ਮਜ਼ਹਬਾਂ ਅਤੇ ਜਿਨਸਾਂ ਦੇ ਆਤਮ ਗਿਆਨ ਨੂੰ ਇਕੱਠਿਆਂ ਕਰ ਇਕ ਜਿਲਦ ਵਿਚ ਬੰਨ੍ਹਿਆਂ। ਇਹ ਗ੍ਰੰਥ ਤਾਂ ਆਤਮ ਗਿਆਨ ਦਾ ਸੀ ਅਤੇ ਆਤਮ ਗਿਆਨ ਹੀ ਜਗਤ ਦੇ ਅੰਧੇਰੇ ਵਿਚ ਚਾਨਣਾ ਕਰਦਾ ਹੈ ਜਿਸ ਕਰਕੇ ਉਸ ਨੂੰ ਗੁਰੂ ਗ੍ਰੰਥ ਕਿਹਾ ਗਿਆ। ਛੇਵੇਂ ਜਾਮੇ ਵਿਚ ਇਹ ਸਮਝਾਇਆ ਕਿ ਜੇ ਪੁਰਾਤਨਤਾ ਦੇ ਜੋਸ਼ ਵਿਚ ਕੋਈ ਪ੍ਰਾਣੀ ਪਗਲਾ ਹੋ ਜਾਵੇ ਅਤੇ ਸਿਖਿਆ ਸੁਣਨ ਦੀ ਥਾਂ ਸੁਣਾਉਣ ਵਾਲਿਆਂ ਨੂੰ ਕੁੱਟਣ ਉਠ ਦੌੜੇ ਤਾਂ ਉਸ ਪਾਗਲ ਤਨ ਦੀ ਸ਼ਸ਼ਤਰ ਨਾਲ ਗਤੀ ਕਰ ਦੇਣੀ ਚਾਹੀਦੀ ਹੈ ਅਤੇ ਅਜੇਹਾ ਕਰਨਾ ਉਸ ਪ੍ਰਾਣੀ ਉਤੇ ਦਯਾ ਕਰਨੀ ਹੈ। ਜਿਸ ਤਰ੍ਹਾਂ ਕੋਈ ਸਰਜਨ ਕਿਸੇ ਬੀਮਾਰ ਦੇ ਕੈਂਸਰੇ ਹੋਏ ਅੰਗ ਨੂੰ ਦਯਾ ਪੂਰਤ ਹੋ ਕੱਟ ਦੇਂਦਾ ਹੈ, ਕਿਉਂਕਿ ਜੇ ਨਾ ਕੱਟੇ ਤਾਂ ਸਾਰਾ ਜਿਸਮ ਹੀ ਖ਼ਰਾਬ ਹੋ ਜਾਣ ਦਾ ਡਰ ਹੁੰਦਾ ਹੈ, ਉਸੇ ਤਰ੍ਹਾਂ ਹੀ ਪੁਰਤਨਤਾ ਦੇ ਜ਼ਹਿਰ ਨਾਲ ਕੈਂਸਰੇ ਹੋਏ ਅੰਗ ਨੂੰ ਕੱਟ ਦੇਣਾ ਭੀ ਮਨੁਖ ਜਾਤੀ ਤੇ ਤਰਸ ਕਰਨਾ ਹੈ। ਸਤਵੇਂ ਜਾਮੇਂ ਇਹ ਸਿੱਖਿਆ ਦਿਤੀ ਹੈ ਕਿ ਪੁਰਾਤਨਤਾ ਨਾਲ ਪਾਗਲ ਹੋਏ ਵੱਢ ਖਾਨੇ ਮਨੁਖਾਂ ਦੀ ਗਤੀ ਹਿਤ ਜੋ ਹਥਿਆਰ ਪਹਿਨਿਆ ਜਾਏ ਉਸ ਦੇ ਚਲਾਣ ਦਾ ਸੰਜਮ ਧਾਰਨ ਕਰਨਾ ਹੈ। ਅਜੇਹਾ ਨਾ ਹੋਵੇ ਕਿ ਉਹ ਤਰਸ ਦੀ ਥਾਂ ਕ੍ਰੋਧ ਦੇ ਜਜ਼ਬੇ ਦੇ ਅਧੀਨ ਹੋ ਮਿਆਨੋਂ ਬਾਹਰ ਆ ਜਾਵੇ ਅਤੇ ਉਪਕਾਰ ਦੀ ਥਾਂ ਬਦਲਾ ਲੈਣ ਲਗ ਪਵੇ। ਇਹ ਭਾਰਾ ਸੰਜਮ ਦ੍ਰਿੜ ਕਰਾਣ ਲਈ ਇਹ ਸਿਖਾਇਆ ਗਿਆ ਕਿ ਸ਼ਸ਼ਤਰ ਸਦਾ ਗਾਤਰੇ ਰਖੋ ਪ੍ਰੰਤੂ ਬਾਹਰ ਨਹੀਂ ਕੱਢਣਾ। ਅਠਵਾਂ ਤਨ ਬਹੁਤ ਥੋੜੇ ਸਮੇਂ ਲਈ ਸੀ।


  1. ਗੁਰ ਸਾਥੀ ਜੋਤ ਪ੍ਰਗਟ ਹੋਏ॥ ਤਿਸਦੇ ਚਾਨਣ ਸਭ ਮਹਿ ਚਾਨਣ ਹੋਏ॥

34