ਪੰਨਾ:ਪੂਰਨ ਮਨੁੱਖ.pdf/31

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿਆਨ ਦੇ ਪਾਣੀ ਨਾਲ ਧੋਣਾ ਇਕ ਕਰੜੀ ਘਾਲ ਹੈ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਕੇਵਲ ਨਵੇਂ ਯੁਗ ਦਾ ਸੰਦੇਸ਼ ਦੇ ਕੇ ਹੀ ਬੱਸ ਨਾ ਕਰ ਦਿਤੀ, ਸਗੋਂ ਮਨੁੱਖ ਨੂੰ ਨਵੇਂ ਯੁਗ ਦੀ ਜੁਗਤ ਸਮਝਾਣ ਲਈ ਪਾਠਸ਼ਾਲਾ ਖੋਲ੍ਹ ਦਿਤੀ। ਇਸ ਪਾਠਸ਼ਾਲਾ ਵਿਚ ਆਤਮਕ, ਮਾਨਸਕ ਅਤੇ ਸਰੀਰਕ ਤਿੰਨਾਂ ਹੀ ਕਿਸਮਾਂ ਦੀ ਸਿਖਿਆ ਦਿਤੀ ਜਾਂਦੀ ਸੀ ਅਤੇ ਇਸ ਨੂੰ ਧਰਮਸਾਲਾ ਕਹਿੰਦੇ ਸਨ। ਹੁਣ ਮਨੁੱਖ ਨਵਾਂ ਚਲਨ ਸਿਖਣ ਲਈ ਧਰਮਸਾਲਾ ਵਿਚ ਪੜ੍ਹਨੇ ਪਿਆ ਅਤੇ ਉਸ ਨੂੰ ਸਿਖ ਕਹਿਣ ਲਗ ਪਏ। ਉਹ ਭੀ ਸਿਖ ਅਖਵਾਣਾ ਚਾਹੁੰਦਾ ਸੀ, ਕਿਉਂਕਿ ਉਹ ਸਿਖਿਆ ਜੁ ਪਾ ਰਿਹਾ ਸੀ; ਪਰ ਇਹ ਸਿਖਿਆ ਕੇਵਲ ਸੁਣਨੀ ਅਤੇ ਸਮਝਣੀ ਹੀ ਨਹੀਂ, ਸਗੋਂ ਕਮਾਉਣੀ ਸੀ, ਜੀਵਨ ਦਾ ਰੂਪ ਬਣਾਉਣੀ ਸੀ। ਜਾਂ ਇਉਂ ਕਿਹਾ ਜਾਏ ਕਿ ਸਿੱਖ ਨੇ ਸਿੱਖੀ ਕੇਵਲ ਸਿਖਣੀ ਹੀ ਨਹੀਂ ਸਗੋਂ ਸਿੱਖੀ ਦਾ ਜੀਵਨ ਜੀਉਣਾ ਸੀ। ਸੋ ਇਸ ਭਾਰੀ ਕਾਰਜ ਦਾ ਆਰੰਭ ਗੁਰੂ ਨਾਨਕ ਦੇਵ ਜੀ ਨੇ ਸੰਮਤ ੧੫੫੪ ਵਿਚ ਸੁਲਤਾਨਪੁਰੋਂ ਕਰ ਦਿਤਾ। ਓਹਨਾਂ ਦੀ ਸਿਖਿਆ ਵਿਚ ਚਾਰ ਚੀਜ਼ਾਂ ਸਨ-ਨਾਮ ਜਪਣਾ, ਚੜ੍ਹਦੀ ਕਲਾ ਵਿਚ ਰਹਿਣਾ, ਭਾਣਾ ਮੰਨਣਾ ਅਤੇ ਸਰਬੱਤ ਦਾ ਭਲਾ ਚਾਹੁਣਾ। ਨਾਮ ਨਾਮੀ ਦੀ ਯਾਦ ਸੀ। ਨਾਮੀ ਜੋਤ ਸਰੂਪ ਸ੍ਰੀ ਵਾਹਿਗੁਰੂ ਸੀ। ਮਨੁਖ ਭੀ ਉਸ ਜੋਤ ਤੋਂ ਜਗੀ ਹੋਈ ਇਕ ਬੱਤੀ ਸੀ। ਇਸ ਕਰਕੇ ਨਾਮ ਜਪਨਾ ਓਹਦੇ ਲਈ ਆਪਣੇ ਨਿਜ ਆਪ ਨੂੰ ਚੇਤਾ ਕਰਨਾ ਸੀ। ਇਹ ਸਹੀ ਆਪੇ ਦੇ ਯਾਦ ਔਣ ਤੇ ਉਹ ਪੁਰਾਣਾ ਭਰਮ, ਕਿ ਮੈਂ ਮੰਗਤਾ ਗੁਲਾਮ ਹਾਂ ਸੁਤੇ ਹੀ ਦੂਰ ਹੋ ਜਾਣਾ ਸੀ। ਨਿਰਾਸਤਾ ਅਤੇ ਮਾਯੂਸੀਆਂ ਉੱਡ ਜਾਣੀਆਂ ਸਨ। ਮਨੁਖ ਮਨ ਚੜ੍ਹਦੀ ਕਲਾ ਵਿਚ ਹੋ ਜਾਣਾ ਸੀ। ਹੁਣ ਚੂੰਕਿ ਆਪਣਾ ਆਪ ਮਹਾਨ ਜੋਤ ਨਾਲ ਇਕ ਮਿਕ ਸੀ ਅਤੇ ਆਪਣੇ ਮਨ ਦੀਆਂ ਤਰਬਾਂ ਕੁਲ ਮਾਲਕ ਦੇ ਮਨ ਦੀ ਖਰਜ ਨਾਲ ਮਿਲ ਕੇ ਵੱਜ ਉੱਠੀਆਂ, ਇਸ ਕਰਕੇ ਭਾਣਾ ਮਿੱਠਾ ਲੱਗਣਾ ਕੁਦਰਤੀ ਗੱਲ ਸੀ। ਜਗਤ ਜੀਵਨ ਜੋਤ ਇਸ ਤੋਂ ਮਨੁਖੀ ਜੋਤੀ ਜਗ ਰਹੀ ਹੈ, ਚੂੰਕਿ ਹਰ ਮਨੁਖ ਵਿਚ ਵਿਆਪਕ ਹੈ, ਇਸ ਵਾਸਤੇ ਸਾਰਿਆਂ ਦਾ

31