ਪੰਨਾ:ਪੂਰਨ ਮਨੁੱਖ.pdf/30

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੱਖ

ਪਿਛਲੇ ਯੁਗ ਵਿਚ ਮਨੁਖ ਦੀ ਹੈਸੀਅਤ ਨੀਵੀਂ ਹੋਣ ਕਰਕੇ ਉਸ ਦੇ ਫ਼ਰਜ਼ ਭੀ ਥੋੜੇ ਸਨ। ਓਹ ਅਰਸ਼ਾਂ ਤੇ ਬੈਠੇ ਮਾਲਕ ਦੇ ਪੱਲੇ ਗਏ ਹੁਕਮਾਂ ਨੂੰ ਸੁਣ ਉਨ੍ਹਾਂ ਦੀ ਅਤਾਇਤ ਕਰਨ ਲਈ ਹੀ ਸੀ। ਹੁਕਮ ਆਏ ਤੇ ਓਹਨੇ ਸੁਣ ਲਏ ਅਤੇ ਵਧ ਤੋਂ ਵਧ ਆਪਣੀ ਪਰਵਾਨਗੀ ਦਾ ਸਬੂਤ ਦੇਣ ਲਈ ਕੋਈ ਰਸਮ ਅਦਾ ਕਰ ਛੱਡੀ, ਪਰ ਨਵੇਂ ਯੁਗ ਦੇ ਨਵੇਂ ਮਨੁਖ ਦੀ ਹੈਸੀਅਤ ਬਹੁਤ ਉਚੇਰੀ ਹੋ ਗਈ ਹੈ, ਜਿਸ ਕਰਕੇ ਉਸ ਦੇ ਫ਼ਰਜ ਵੀ ਵਧੇਰੇ ਹੋ ਗਏ ਹਨ। ਉਹ ਖ਼ੁਦ ਮਾਲਕ ਕਰਾਰ ਦਿਤਾ ਗਿਆ ਹੈ, ਉਸਨੇ ਆਪਣੀ ਰਹਿਬਰੀ ਆਪ ਕਰਨੀ ਹੈ, ਓਹ ਗੁਲਾਮ ਨਹੀਂ ਅਜ਼ਾਦ ਹੈ। ਓਹ ਕਿਸੇ ਦੇ ਦਰਵਾਜ਼ੇ ਦਾ ਮੰਗਤਾ ਨਹੀਂ, ਆਪਣੇ ਪੈਰਾਂ ਤੇ ਖਲੋਤਾ ਹੈ ਇਸ ਕਰਕੇ ਕਿ ਨਿਰੇ ਹੁਕਮ ਹੀ ਸੁਣ ਛਡਣੇ ਉਸ ਲਈ ਕਾਫ਼ੀ ਨਹੀਂ ਹਨ ਬਲਕਿ ਨਵੇਂ ਜੀਵਨ ਨੂੰ ਸਿੱਖਣਾ ਉਸ ਦਾ ਕਰਤਵ ਹੈ। ਜੀਵ ਜੁਗਤੀ ਸਿੱਖਣੀ ਅਤੇ ਸਿੱਖਣੀ ਵੀ ਅਜੇਹੀ ਕਿ ਜਿਹੜੀ ਜੀਵਨ ਰੂਪ ਬਣ ਜਾਵੇ,ਝੱਟ ਪਲ ਦਾ ਕੰਮ ਨਹੀਂ ਹੁੰਦਾ। ਓਹਦੇ ਲਈ ਵਕਤ ਚਾਹੀਦਾ ਹੈ। ਮੁਦਤਾਂ ਦੀਆਂ ਕੁਰਾਹੇ ਪਈਆਂ ਹੋਈਆਂ ਮਨੋ ਬਿਰਤੀਆਂ ਨੂੰ ਰੋਕ ਕੇ ਸਿਧੇ ਰਸਤੇ ਪਾਣਾ ਤਕੜੇ ਅਭਿਆਸ ਦਾ ਕੰਮ ਹੈ। ਸੁਭਾਵਾਂ ਦਾ ਬਦਲਨਾ ਪਹਾੜਾਂ ਦਾ ਚੀਰਨਾ ਹੈ। ਜਨਮ ਜਨਮਾਂਤ੍ਰਾਂ ਦੀ ਅਗਿਆਨ ਦੀ ਲਗੀ ਹੋਈ ਸਿਆਹੀ [1] ਨੂੰ


  1. ਜਨਮ ਜਨਮ ਕੀ ਇਸੁ ਮਨ ਕੋ ਮਲੁ ਲਾਗੀ ਕਾਲਾ ਹੋਇਆ ਸਿਆਹ।

30