ਪੰਨਾ:ਪੂਰਨ ਮਨੁੱਖ.pdf/26

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਿਰ ਇਹ ਸਮਾਜ ਵਿਚ ਭੇਦ ਕਿਸ ਤਰ੍ਹਾਂ ਕਰ ਸਕਦਾ ਹੈ? ਓਸ ਦੇ ਲਈ ਕੋਈ ਉੱਚਾ ਨੀਵਾਂ, ਕੋਈ ਛੋਟਾ ਕੋਈ ਵੱਡਾ ਕਿਸ ਤਰ੍ਹਾਂ ਬਣ ਸਕਦਾ ਹੈ? ਵਰਨਾਂ ਦੀਆਂ ਵੰਡਾਂ ਤੇ ਜਾਤਾਂ ਦੇ ਝਮੇਲੇ ਕਿਸ ਤਰ੍ਹਾਂ ਕਾਇਮ ਰਹਿ ਸਕਦੇ ਹਨ? ਜਦ ਉਹ ਦੇਖਦਾ ਹੈ ਕਿ ਉਸ ਦਾ ਨਿਜ ਸਵਰੂਪ ਪਰਮਾਤਮਾ ਸਾਰੀਆਂ ਲਕੜੀਆਂ ਵਿਚ ਸਮਾਈ ਹੋਈ ਅੱਗ ਤੇ ਸਾਰੇ ਦੁਧ ਵਿਚ ਸਮਾ ਰਹੇ ਘਿਓ ਵਾਂਗ ਹਰ ਮਨੁਖ ਵਿਚ ਵਿਆਪ ਰਿਹਾ ਹੈ, ਫਿਰ ਉਹ ਘਟਾਂ ਘਟਾਂ ਵਿਚ ਓਸ ਨੂੰ ਵਿਆਪਕ ਦੇਖਦਾ ਹੋਇਆ ਕਿਸੇ ਨੂੰ ਨੀਚ [1] ਤੇ ਕਿਸੇ ਨੂੰ ਊਚ ਕਿਸ ਤਰ੍ਹਾਂ ਸਮਝ ਸਕਦਾ ਹੈ? ਓਸ ਨੇ ਜਾਣ ਲਿਆ ਕਿ ਇਹ ਜਾਤ ਪਾਤ ਦਾ ਭੇਦ ਸਭ ਫਕੜਬਾਜ਼ੀ ਹੀ ਹੈ। ਅਸਲ ਵਿਚ ਤਮਾਮ ਜੀਵ ਇਕੋ ਜੇਹੇ ਹਨ ਕਿਉਂ ਕਿ ਸਾਰਿਆਂ ਵਿਚ ਇਕੋ ਦਾ ਪ੍ਰਛਾਵਾਂ[2] ਪੈ ਰਿਹਾ ਹੈ। ਸੰਸਾਰ ਵਿਚ ਸਭਨਾਂ ਦਾ ਬਾਪ ਇਕ ਹੈ ਤੇ ਸਭ ਮਨੁੱਖ ਓਸ ਦੇ ਪੁਤਰ[3] ਹਨ।ਇਸ ਵਾਸਤੇ ਨਵੇਂ ਮਨੁਖ ਨੇ ਜਾਤ ਪਾਤ, ਊਚ ਨੀਚ, ਛੂਤ ਛਾਤ ਤੇ ਵਰਨ ਵੰਡ ਸਭ ਨੂੰ ਮੁਕਾ ਦੇਣਾ ਹੈ। ਓਸ ਨੇ ਮਨੁੱਖ ਮਾਤ੍ਰ ਨੂੰ ਸਮਾਨ ਕਰ ਜਾਣਨਾ ਹੈ। ਇਸ ਸੁੰਦਰ ਸਮਾਜ ਵਿਚ ਜੋ ਆਤਮਾ ਵਿਆਪਕਤਾ ਦੇ ਅਧਾਰ ਉਤੇ ਮਨੁੱਖ ਮਾਤਰ ਦੀ ਸਮਾਨ ਪਦਵੀ ਕਾਇਮ ਕਰ ਕੇ ਬਣਨੀ ਹੈ, ਸੇਵਾ ਮਨੁੱਖ ਧਰਮ ਹੋਵੇਗਾ, ਕਿਉਂਕਿ ਪ੍ਰਾਣੀ ਮਾਤਰ ਪ੍ਰਭੂਹੋਣ ਕਰਕੇ ਪਿਆਰਿਆਂ ਲਈ ਸੇਵਾ ਦੇ ਯੋਗ ਹਨ। ਖ਼ਲਕਤ ਦੀ ਸੇਵਾ ਕਰਨੀ ਹੀ ਖ਼ਾਲਕ ਨੂੰ ਰੀਝਾਣਾ ਹੈ। ਜਿਹੜਾ ਇਸ ਜਗਤ ਵਿਚ ਸੇਵਾ ਕਰੇਗਾ ਉਸ ਦਾ ਹੀ ਅੱਛਾ ਸੰਵਰੇਗਾ[4]। ਇਸ ਜਾਗੇ ਮਨੁੱਖ ਨੇ ਇਹ ਜਾਣ ਲਿਆ ਹੈ ਕਿ ਜੋ ਜੋ ਵੀ ਕੀਤਾ ਗਿਆ ਹੈ, ਓਹ ਮਾਲਕ ਦਾ ਕੀਤਾ ਹੋਇਆ ਹੈ। ਇਸ ਵਾਸਤੇ ਹਰ ਇਕ ਦਾ ਸੇਵਕ ਹੋਣਾ ਮਾਲਕ ਦਾ ਰੂਪ


  1. ਸਗਲ ਬਨਸਪਤ ਮਹਿ ਬੈਸੰਤਰੁ ਸਗਲ ਮਹਿ ਘੀਆ॥
    ਊਚ ਨੀਚ ਮਹਿ ਜੋਤ ਸਮਾਨੀ ਘਟ ਘਟ ਮਾਧਉ ਜੀਆ॥

  2. ਫਕੜ ਜਾਤੀ ਫਕੜ ਨਾਉ ਸਭਨਾ ਜੀਆ ਇਕੋ ਛਾਓ।
  3. ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ॥
  4. ਵਿਚਿ ਦੁਨੀਆਂ ਸੇਵ ਕਮਾਈਐ ਤਾਂ ਦਰਗਹਿ ਬੈਸਨ ਪਾਈਐ॥

26