ਪੰਨਾ:ਪੂਰਨ ਮਨੁੱਖ.pdf/25

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਜਾਨਾ ਤਾਂ ਤੇਰੇ ਅੰਦਰ[1] ਹੈ। ਓਹ, ਤੇ ਓਸ ਦਾ ਜਲਵਾ ਤੇਰੇ ਨੈਣਾਂ ਵਿਚ ਸਮਾ ਰਿਹਾ ਹੈ ਉਹ ਪਰਮ ਸੁੰਦਰ ਜੋਤ ਬਣ ਤੇਰੇ ਵਿਚ ਜਗ ਰਿਹਾ ਹੈ। ਫਿਰ ਜੰਗਲ ਤੇ ਵੀਰਾਨਿਆਂ ਵਿਚ ਕਿਉਂ ਫਿਰਦਾ ਹੈਂ[2]? ਜਿਨ੍ਹਾਂ ਨੇ ਵੀ ਸਰੀਰ ਦੇ ਅੰਦਰੋਂ ਭਾਲ ਕਰਨੋਂ ਉੱਕ, ਬਾਹਰ ਤਲਾਸ਼ ਕੀਤੀ ਉਹੋ ਹੀ ਦੁਖੀ ਏ। ਉਨ੍ਹਾਂ ਨੂੰ ਸੂਝ ਨਹੀਂ ਆਈ ਤੇ ਓੜਕ ਕੰਮ ਉਦੋਂ ਹੀ ਬਣਿਆ ਜਦੋਂ ਘਰ ਵਿਚੋਂ ਹੀ ਵਸਤ ਲੱਭ ਪਈ, ਪਰ ਲੱਭੀ ਗੁਰਮੁਖਾਂ ਨੂੰ[3]। ਗੱਲ ਕੀ, ਨਵੇਂ ਯੁਗ ਦੇ ਨਵੇਂ ਮਨੁਖ ਨੂੰ ਨਵਾਂ ਜੀਵਨ ਪ੍ਰਦਾਨ ਕਰਦਿਆਂ ਹੋਇਆਂ ਪਹਿਲਾਂ ਇਹ ਯਕੀਨ ਕਰਾ ਦਿਤਾ ਗਿਆ ਕਿ ਉਹ ਨਾ ਕਿਸੇ ਦਾ ਗੁਲਾਮ ਹੈ ਤੇ ਨਾ ਕਿਸੇ ਦੇ ਦੁਆਰੇ ਦਾ ਭਿਖਾਰੀ। ਉਹ ਨਿਮਾਣਾ, ਨਿਰਾਸ ਤੇ ਅਸ਼ਕਤ ਨਹੀਂ, ਸਗੋਂ ਜਗਤ ਜੀਵਨ ਕੁਲ ਮਾਲਕ ਦਾ ਨਿਜ ਸਵਰੂਪ ਹੈ, ਸ੍ਰੀ ਵਾਹਿਗੁਰੂ ਜੀ ਦੀ ਵਿਆਪਕ ਜੋਤੀ ਤੋਂ ਜਗੀ ਹੋਈ ਇਕ ਜੋਤ ਹੈ, ਪਰ ਪੁਰਾਤਨਤਾ ਨੇ ਓਸ ਨੂੰ ਲੋਰੀਆਂ ਦੇ ਦੇ ਸੁਲਾਇਆ ਹੋਇਆ ਹੈ। ਉਹ ਹੁਣ ਜਾਗ ਉਠੇ, ਆਪਾ ਸੰਭਾਲੇ ਤੇ ਬਾਕੀ ਦੇ ਜਗਤ ਨੂੰ ਜੀਵਨ ਦਾਨ ਦੇਵੇ। ਓਸ ਨੂੰ ਹੁਣ ਆਸਮਾਨਾਂ ਤੋਂ ਹੁਕਮ ਨਹੀਂ ਦਿਤੇ ਜਾਣਗੇ, ਕਿਉਂਕਿ ਉਹ ਮਹਿਕੂਮ ਨਹੀਂ ਰਿਹਾ। ਹਾਕਮ ਤੇ ਮਹਿਕੂਮ ਤੋਂ ਬਿਨਾਂ ਹਕੂਮਤ ਕਾਹਦੀ? ਤੇ ਹੁਕਮ ਕਿਹੇ? ਹੁਣ ਉਹ ਆਪ ਹੈ, ਤੇ ਆਪਣੇ ਲਈ ਆਪ ਨਿਯਮ ਬਣਾਏਗਾ। ਇਸ ਜਾਗੇ ਹੋਏ ਮਨੁਖ ਨੂੰ ਜਦ ਵਾਜ਼ਿਆ ਕਰ ਦਿਤਾ ਗਿਆ ਕਿ ਤੇਰਾ ਨਿਜ ਸਵਰੂਪ ਜਗਤ ਜੀਵਨ ਸ੍ਰੀ ਵਾਹਿਗੁਰੂ ਸਰਬ ਵਿਆਪਕ ਹੈ ਤਾਂ


  1. ਜੰਗਲ ਜੰਗਲ ਕਿਆ ਭਵਹਿ ਵਣ ਕੰਡਾ ਮੋੜੇ।
    ਵਸੀ ਰਬੁ ਹਿਆਲੀਏ ਜੰਗਲ ਕਿਆ ਢੂੰਡੇਹ॥

  2. ਚਿਰਾ ਬੇਹੂਦਾ ਸੇ ਗਰਦੀ ਬ ਸਹਾਰਾਓ ਬਦਸ਼ਤੇ ਐ ਦਿਲ
    ਚੂੰ ਆਂ ਸੁਲਤਾਨੇ ਖੁਬਾਂ ਕਰਦਾ ਅੰਦਰ ਦੀਦਾ ਮੰਜਲਾਹਾ॥

  3. ਸਰੀਰਹੁ ਭਾਲਣਿ ਕੋ ਬਾਹਰਿ ਜਾਏ॥
    ਨਾਮੁ ਨ ਬਹੈ ਬਹੁਤ ਵੇਗਾਰਿ ਦੁਖ ਪਾਏ॥
    ਮਨਮੁਖ ਅਧੇ ਸੁਝੈ ਨਾਹੀ
    ਫਿਰਿ ਘਿਰਿ ਆਇ ਗੁਰਮੁਖਿ ਵਥੁ ਪਾਵਣਿਆ॥

25