ਪੰਨਾ:ਪੂਰਨ ਮਨੁੱਖ.pdf/24

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਤਨੀਆਂ ਵੀ ਬਰਕਤਾਂ ਕਿਉਂ ਨਾ ਪ੍ਰਾਪਤ ਕਰੇਂ, ਆਪਣਾ ਆਪ ਜਾਣੇ ਬਿਨਾਂ ਤੇਰੀ ਭੁਖ ਨਵਿਰਤ ਨਹੀਂ ਹੋਣੀ। ਕਿਉਂ ਕਿ ਜਦ ਤਕ ਭਰਮ ਹੈ ਤੂੰ ਉਤਨਾ ਚਿਰ ਭਿਖਾਰੀ ਹੀ ਰਹਿਣਾ ਹੈ। ਭਿਖਾਰੀ ਕਦੀ ਤ੍ਰਿਪਤਿਆ ਨਹੀਂ ਤੇ ਆਪਣਾ ਆਪ ਜਾਣੇ ਬਿਨਾਂ ਭਿਖਾਰੀ ਪੁਣੇ ਦਾ ਭਰਮ ਨਹੀਂ ਜਾਣਾ। ਇਸ ਲਈ ਸਭ ਤੋਂ ਪਹਿਲਾਂ ਏਸ ਭਰਮ ਨੂੰ ਚੁਕਾਉਣ ਦਾ ਯਤਨ ਕਰ। ਤੇ ਭਰਮ ਆਪਣੇ ਆਪ ਨੂੰ ਜਾਣੇ ਬਿਨਾਂ ਨਹੀਂ ਜਾਣਾ[1]। ਸੋ ਜਦ ਆਪਣਾ ਆਪ ਜਾਣ ਲਏਂਗਾ ਤੈਨੂੰ ਪਤਾ ਲਗ ਜਾਵੇਗਾ ਜੁ ਤੂੰ ਮਾਂਗਤ ਗੁਲਾਮ ਨਹੀਂ ਸਗੋਂ ਖੁਦ ਮਾਲਕ ਦਾ ਨਿਜ ਸ੍ਵਰੂਪ ਹੈਂ ਇਸ ਸਿਖਿਆ ਨੂੰ ਸਿੱਖ, ਤੇ ਸਿੱਖ ਅਖਵਾ ਏਸ ਦੇ ਨਾਲ ਹੀ ਇਹ ਵੀ ਜਾਣ ਲੈ ਕਿ ਤੂੰ ਪ੍ਰਮਾਣੂਆਂ ਤੋਂ ਜੁੜੀ ਹੋਈ ਕੋਈ ਅਨਸਥਿਰ ਨਿਮਾਣੀ ਜੇਹੀ ਸ਼ੈ ਨਹੀਂ, ਸਗੋਂ ਅਬਿਨਾਸ਼ੀ ਜੋਤ ਸ੍ਵਰੂਪ[2] ਹੈਂ। ਤੂੰ ਨਿਮਾਣਾ ਨਾ ਹੋ। ਉਤਸ਼ਾਹ ਵਿਚ ਰਹੁ ਤੂੰ ਜੰਗਲਾਂ ਵਿਚ ਨਾ ਭੱਜ। ਇਸ ਜਗਤ ਤੋਂ ਨਫ਼ਰਤ ਨਾ ਕਰ। ਇਹ ਕੋਈ ਓਪਰੀ ਸ਼ੈ ਨਹੀਂ। ਏਸ ਵਿਚ ਥਾਂ ਥਾਂ ਮੌਤ ਨਹੀਂ ਮਾਰ ਰਹੀ। ਇਹ ਪਲਟੇ ਨਵੇਂ ਖੇੜਿਆਂ ਲਈ ਆ ਰਹੇ ਹਨ। ਇਹ ਜਗਤ ਪਰਨਾਮੀ ਨਹੀਂ, ਇਹ ਅਸਲ ਵਿਚ ਹਰਿ ਦਾ ਆਪਣਾ ਰੂਪ ਹੈ। ਏਸ ਨੂੰ ਹਰੀ ਰੂਪ ਕਰ ਕੇ ਦੇਖ[3]। ਏਸ ਤੋਂ ਉਦਾਸ ਨਾ ਹੋ। ਏਸ ਵਿਚ ਖੇੜਾ ਹੀ ਖੇੜਾ ਹੈ। ਇਹ ਤੇ ਇਕ ਫੁਲਾਂ ਦੀ ਵਾੜੀ ਹੈ ਤੇ ਇਹ ਫਲ ਵੀ ਉਹ ਜਿਨ੍ਹਾਂ ਵਿਚ ਨਿੱਤ ਨਵੀਂ ਬਹਾਰ[4] ਹੈ। ਇਸ ਲਈ ਇਸ ਚਮਨ ਦੀ ਸੈਰ ਕਰ। ਬਾਹਰ ਕਿਉਂ ਭੱਜਾ ਫਿਰਦਾ ਹੈਂ, ਵਣੀਂ, ਕੰਦਰੀਂ ਤੇ ਪਹਾੜੀਂ ਕੁਝ ਨਹੀਂ ਛਿਪਿਆ ਹੋਇਆ। ਆਤਮ ਧਨ ਦਾ ਅਸਲ


  1. ਕਹੁ ਨਾਨਕ ਬਿਨੁ ਆਪਾ ਚੀਨੇ ਮਿਟੇ ਭਰਮ ਕੀ ਕਾਈ।
    ਤਥਾ:- ਭਰਮ ਚੁਕਾਵਹੁ ਗੁਰਮੁਖ ਲਿਵਲਾਵਹੁ ਆਤਮ ਚੀਨਹੁ ਭਾਈ॥

  2. ਕਹੁ ਕਬੀਰ ਹਮ ਰਾਮ ਕੀ ਅੰਸ
  3. ਏਹ ਵਿਸਵ ਸੰਸਾਰ ਤੁਮ ਦੇਖਦੇ―
    ਏਹ ਹਰਿ ਕਾ ਰੂਪ ਹੈ ਹਰਿ ਰੂਪ ਨਦਰੀ ਆਇਆ।

  4. ਨਾਨਕ ਫੁਲਾਂ ਸੰਦੀ ਵਾੜ ਖਿੜਿਆ ਸਭ ਸੰਸਾਰ ਜਿਉ॥

24