ਪੰਨਾ:ਪੂਰਨ ਮਨੁੱਖ.pdf/22

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਸਿਆ ਕਿ ਉਹ ਜਗਤ-ਜੀਵਨ ਦਾ ਨਿਜ ਸਰੂਪ ਹੋਣ ਕਰਕੇ ਜਗਤ ਸ਼ਰੋਮਣੀ ਦਾਤਾ ਹੈ। ਓਸ ਦਾ ਮਾਲਕ ਆਸਮਾਨ ਤੇ ਨਹੀਂ ਰਹਿੰਦਾ, ਓਸ ਦੇ ਹਿਰਦੇ ਵਿਚ ਰਹਿੰਦਾ ਹੈ। ਜਿਸ ਤਰ੍ਹਾਂ ਸ਼ੀਸ਼ੇ ਵਿਚ ਪ੍ਰਛਾਵਾਂ ਤੇ ਫੁੱਲਾਂ ਵਿਚ ਖੁਸ਼ਬੂ ਰਹਿੰਦੀ ਹੈ, ਉਸੇ ਤਰ੍ਹਾਂ ਹੀ ਤੇਰਾ ਮਾਲਕ ਤੇਰੇ ਨਾਲ ਰਹਿੰਦਾ[1] ਹੈ। ਨਾਲ ਕੀ ਰਹਿਣਾ ਹੋਇਆ? ਤੂੰ ਓਹਦੇ ਵਿਚ, ਓਹ ਤੇਰੇ ਵਿਚ ਹੈ। ਓਤ ਪੋਤ ਮਿਲਾਪ ਹੋ ਰਿਹਾ ਹੈ। ਜੇ ਤੂੰ ਆਪਾ ਪਛਾਣੇ ਤਾਂ ਜਿਸ ਤਰ੍ਹਾਂ ਸੂਰਜ ਵਿਚ ਕਿਰਨ ਤੇ ਸਾਗਰ ਵਿਚ ਲਹਿਰ ਰਹਿੰਦੀ ਹੈ, ਉਸੇ ਤਰ੍ਹਾਂ ਤੇਰਾ ਤੇ ਓਸ ਦਾ ਸੰਬੰਧ ਹੈ ਓਹ ਤੈਥੋਂ ਪਰੇ ਨਹੀਂ ਤੇ ਤੂੰ ਓਸ ਬਿਨਾਂ ਨਹੀਂ[2]। ਇਹ ਭੁਲੇਖਾ ਕਿ ਤੂੰ ਫ਼ਰਸ਼ ਤੇ ਹੈਂ ਤੇ ਓਹ ਅਰਸ਼ ਤੇ, ਤੈਨੂੰ ਪਾਇਆ ਗਿਆ ਹੈ; ਕਿਉਂ ਕਿ ਤੂੰ ਭਾਵੇਂ ਫ਼ਰਸ਼ ਤੇ ਪਿਆ ਹੋਵੇਂ, ਓਹ ਤਾਂ ਅਰਸ਼ ਤੇ ਨਹੀਂ ਬੱਝਾ ਬੈਠਾ। ਜਗਤ-ਜੀਵਨ ਵਿਆਪਕ ਹੈ, ਉਹ ਹਰ ਥਾਂ ਹੈ। ਇਹ ਭੁਲ ਕੇ ਵੀ ਨਾ ਜਾਣੀਂ ਕਿ ਉਹ ਕਿਧਰੇ ਦੂਰ ਹੈ।ਉਹ ਹਰ ਜਗ੍ਹਾ ਹਾਜ਼ਰ ਹੈ, ਇਹੀ ਕਾਰਨ ਹੈ ਕਿ ਹਰ ਕਿਸੇ ਦੀ ਸੁਣਦਾ ਤੇ ਹਰ ਕਿਸੇ ਨੂੰ ਵੇਖਦਾ[3] ਹੈ। ਜਿਸ ਤਰ੍ਹਾਂ ਬਿਜਲੀ ਦੀ ਲਹਿਰ ਪਾਵਰ ਹਾਊਸ ਵਿਚੋਂ ਨਿਕਲ ਕੇ ਸਾਰੀ ਤਾਰ ਵਿਚ ਵਿਆਪ ਰਹੀ ਹੁੰਦੀ ਹੈ, ਉਹ ਕਿਤੇ ਵੀ ਘੱਟ ਵੱਧ ਨਹੀਂ ਹੁੰਦੀ ਤੇ ਜਿਥੇ ਵੀ ਸਵਿਚ ਜੁੜਦਾ ਹੈ, ਉਥੇ ਹੀ ਬੱਤੀ ਵਿਚੋਂ ਆਪਣਾ ਚਾਨਣ ਦੇ ਦੇਂਦੀ ਹੈ; ਚਾਨਣ ਦਾ ਮੱਧਮ ਜਾਂ ਤੇਜ਼ ਹੋਣਾ ਬੱਤੀ ਦੀ ਹੈਸੀਅਤ ਤੇ ਹੈ; ਪਰ ਚਾਨਣ ਬਿਜਲੀ ਦਾ ਪ੍ਰਕਾਸ਼ ਹੈ, ਬਿਜਲੀ ਰੂਪ ਨਹੀਂ; ਬਿਜਲੀ ਆਪਣੇ ਰੂਪ ਵਿਚ ਸਾਰੀ ਭਾਰ ਵਿਚ ਇਕੋ ਜੇਹੀ ਵਿਆਪ ਰਹੀ ਹੁੰਦੀ ਹੈ ਤੈਸੇ ਹੀ ਹਰਿ ਬਸੈ ਨਿਰੰਤਰ ਘਟ ਹੀ ਖੋਜਹੁ ਭਾਈ॥


  1. ਪੁਰਖ ਮਧ ਜਿਓ ਬਾਸ ਬਸਤ ਹੈ ਮੁਕਰ ਮਾਹਿ ਜੈਸੇ ਛਾਈ॥
    ਤੈਸੇ ਹੀ ਹਰਿ ਬਸੈ ਨਿਰੰਤਰ ਘਟ ਹੀ ਖੋਜਹੁ ਭਾਈ।

  2. ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ।
    ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ॥

    (ਬਿਲਾਵਲੁ ਮਹਲਾ ੫)

  3. ਏਹ ਮਨ ਮਤ ਜਾਨਹੁ ਹਰਿ ਦੂਰ ਹੈ ਵੇਖ ਹਜ਼ੂਰ।
    ਸਦਾ ਸੁਨਦਾ ਸਦ ਵੇਖਦਾ ਸਰਬ ਰਹਿਆ ਭਰਪੂਰ॥
    ਤਥਾ:- ਖੰਡ ਦੀਪ ਸਭ ਭੀਤਰ ਰਵਿਆ ਪੁਰ ਰਿਹਾ ਸਭ ਲੇਉ॥

22