ਪੰਨਾ:ਪੂਰਨ ਮਨੁੱਖ.pdf/15

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਨੂੰ ਮੌਤ ਹੀ ਮੌਤ ਵਿਖਾਈ ਦੇਂਦੀ ਸੀ। ਉਹ ਮੌਤ ਦੇ ਭਿਆਵਲੇ ਦ੍ਰਿਸ਼ ਤੋਂ ਭੈ ਭੀਤ ਹੋ ਜਗਤ ਵਿਚੋਂ ਕਿਤੇ ਲਾਂਭੇ ਨਸ ਜਾਣ ਦਾ ਯਤਨ ਕਰਦੀ ਸੀ। ਉਹ ਜਗਤ ਨੂੰ ਨਾਸਵੰਤ ਕਹਿੰਦੀ ਕਹਿੰਦੀ ਏਥੋਂ ਤਕ ਪੁਜ ਗਈ ਕਿ ਉਸ ਦੀ ਇਕ ਵੱਡੀ ਸ਼ਰੇਣੀ ਨੂੰ ਆਪਣੀ ਹਸਤੀ ਦੀ ਹੋਂਦ ਤੇ ਹੀ ਸ਼ੱਕ ਪੈ ਗਿਆ।ਨਿਰਾ ਸ਼ੱਕ ਹੀ ਨਾ ਪਿਆ ਸਗੋਂ ਉਹ ਪਰਗਟ ਤੌਰ ਤੇ ਕਹਿਣ ਲਗ ਪਈ ਕਿ ਜਗਤ ਵਿਚ ਕੋਈ ਹਸਤੀ ਹੈ ਹੀ ਨਹੀਂ ਜਿਸ ਕਰਕੇ ਮੈਂ ਆਪ ਵੀ ਹਸਤੀ ਨਹੀਂ, ਕੁਝ ਪ੍ਰਮਾਣੂਆਂ ਤੋਂ ਜੁੜ ਕੇ ਇਹ ਹਸਤੀ ਬਣਦੀ ਹੈ ਜੋ ਪ੍ਰਮਾਣੂਆਂ ਦੇ ਖਿੰਡਨ ਨਾਲ ਖ਼ਤਮ ਹੋ ਜਾਂਦੀ ਹੈ। ਉਹ ਖਿੰਡਿਆ ਹੋਇਆ ਪ੍ਰਮਾਣੂ ਵੀ ਆਪਣੀ ਜ਼ਾਤ ਵਿਚ ਇਕੱਲਾ ਹੋਰ ਪ੍ਰਮਾਣੂਆਂ ਤੋਂ ਜੁੜ ਕੇ ਬਣਿਆ ਹੈ, ਜਿਨ੍ਹਾਂ ਓੜਕ ਨੂੰ ਖਿੰਡ ਹੀ ਜਾਣਾ ਹੈ।ਇਹ ਨਿਰਾਸਤਾ ਭਰੀ ਮਨੁਖ ਜੀਵਨ ਦੀ ਤਸਵੀਰ ਨੂੰ ਤੱਕ ਇਨਸਾਨ ਅਜਿਹਾ ਉਦਾਸ ਹੋਇਆ ਕਿ ਉਹ ਵਸਤੀ ਵਲੋਂ ਵੀਰਾਨਿਆਂ ਵਲ ਉਠ ਭੱਜਾ[1]। ਭਾਰਤ ਦੇਸ਼ ਦੇ ਅਣ-ਗਿਣਤ ਸਨਿਆਸੀ ਬੋਧ ਦੇਸ਼ਾਂ ਦੇ ਬੇਅੰਤ ਭਿਖਸ਼ੂ ਤੇ ਜੈਨੀਆਂ ਦੇ ਸਾਧੂ ਉਸ ਮਨੁੱਖ ਜੀਵਨ ਦੀਆਂ ਨਿਸ਼ਾਨੀਆਂ ਹਨ ਜੋ ਇਸ ਪਹਾਰੇ ਵਿਚ ਮਾਯੂਸੀਆਂ, ਨਾ-ਉਮੈਦੀਆਂ, ਉਪਾਰਮਤਾ ਤੇ ਨਿਰਾਸਤਾ ਦੇ ਅੰਗਾਂ ਨੂੰ ਜੋੜ ਕੇ ਬਣਾਇਆ ਗਿਆ ਸੀ।

ਪੁਰਾਣੇ ਯੁੱਗ ਦੇ ਮਨੁਖ ਚਲਣ ਦੇ ਦੋਹਾਂ ਪਹਿਲੂਆਂ ਦੇ ਪੜ੍ਹਨ ਤੋ ਪਤਾ ਲਗਦਾ ਹੈ ਕਿ ਪਿਛਲਾ ਯੁਗ ਨਾ-ਮੁਕੰਮਲ ਮਨੁਖ ਯੁਗ ਸੀ। ਉਹ ਯਾ ਗੁਲਾਮ ਮਾਂਗਤ ਸੀ ਤੇ ਯਾ ਨਿਰਾਸ ਭਿਖਸ਼ੂ। ਗੁਲਾਮ, ਗ਼ੁਲਾਮ ਬਣਾਉਂਦਾ ਸੀ ਤੇ ਮਾਂਗਤ, ਮੰਗਤਿਆਂ ਨੂੰ ਹੀ ਦੇਂਦਾ ਸੀ। ਬਰਾਬਰੀ ਪਸੰਦ ਨਹੀਂ ਸੀ ਕਰਦਾ। ਜਿਸ ਨੇ ਬਰਾਬਰੀ ਕੀਤੀ ਉਸ ਨੂੰ ਮਾਰਨ ਉਠ ਪਿਆ ਬੇਗਾਨੇ ਤਾਂ ਕਿਤੇ ਰਹੇ ਆਪਣੇ ਵੀ ਓਸ ਦੀ ਮਾਰੋਂ ਨਾ ਬਚ ਸਕੇ। ਪ੍ਰੋਟੈਸਟੈਂਟ ਫ਼ਿਰਕੇ ਉਤੇ ਕੈਥੋਲੈਕਾਂ ਦੇ ਅਤਿਆਚਾਰ ਤੇ


  1. ਬਚਨ ਖਲੋ ਕੇ ਜਿਸ ਜਗਹ ਪਰੇ ਨਾ ਕਰਨ ਮਝਾਰ॥
    ਐਸੇ ਨਿਰਜਨ ਬਨ ਬਿਖੈ ਬਸੈ ਬੁਧ ਬਲਕਾਰ।

    (ਭਰਥਰੀ)

15