ਪੰਨਾ:ਪੂਰਨ ਮਨੁੱਖ.pdf/125

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਰਤਾਓ ਨਾ ਕਰੇ। ਕਸਬ ਹਰ ਇਕ ਕਰ ਲੈਣ ਦੀ ਆਗਿਆ ਹੈ। ਹਾਂ, ਕਸਬ ਕਰਦਿਆਂ ਹੋਇਆ ਮਾਲਕ ਦੀ ਯਾਦ ਰਖਣੀ ਜ਼ਰੂਰੀ ਹੈ, ਕਿਉਂ ਜੋ ਉਹ ਚੇਤੇ ਰਹੇ ਤਾਂ ਮਨੁਖ ਵਿਵਹਾਰ ਵਿਚ ਖੋਟ ਨਹੀਂ ਕਮਾ ਸਕਦਾ। ਏਸੇ ਤਰ੍ਹਾਂ ਹੀ ਜਦ ਰਹਿਤਵਾਨ ਸਿੰਘ ਨੂੰ ਰਾਜ ਕਰਨ ਦੀ ਸੇਵਾ ਮਿਲੇ ਤਾਂ ਆਪਣੇ ਰਾਜ ਵਿਚ ਅਜਿਹਾ ਨਿਆਂ ਕਰੇ ਕਿਸੇ ਨੂੰ ਸ਼ਿਕਾਇਤ ਦਾ ਮੌਕਾ ਨਾ ਮਿਲੇ। ਜੋ ਕਾਨੂੰਨ ਬਣਾਵੇ, ਉਸ ਦੀ ਆਪਣੇ ਉਤੇ ਵਰਤੋਂ ਕਰੇ। ਕਿਸੇ ਮੋਹ, ਲਾਲਚ, ਰਿਵਾਜ, ਯਾ ਤੁਅਸਬ ਦੇ ਅਧੀਨ ਹੋ ਦੂਜਿਆਂ ਨਾਲ ਬੇਇਨਸਾਫ਼ੀ[1] ਨ ਕਰੇ।ਜੋ ਅਜਿਹਾ ਕਰੇਗਾ ਤਾਂ ਉਹ ਸਿੰਘ ਜੀਵਨ ਦੇ ਕਰਤਵ ਤੋਂ ਡਿਗ ਜਾਵੇਗਾ।ਰਾਜ ਕਰਨ ਵਾਲੇ ਸਿੰਘ ਦੀ ਰਹਿਤ ਵਿਚ ਕੇਵਲ ਨਿਆਂ ਕਰਨ ਦੀ ਹੀ ਤਾਕੀਦ ਨਹੀਂ, ਸਗੋਂ ਇਹ ਵੀ ਕਿਹਾ ਗਿਆ ਹੈ ਕਿ ਅਜਿਹਾ ਪ੍ਰਬੰਧ ਕਰੇ ਕਿ ਆਰਥਕ ਤੌਰ ਤੇ ਲੋਗਾਂ ਨੂੰ ਸੁਖੀ ਕੀਤਾ ਜਾਏ।ਕੋਈ ਬੇਰੁਜ਼ਗਾਰ ਨ ਰਹੇ ਅਤੇ ਇਸ ਕਿਸਮ ਦਾ ਪ੍ਰਬੰਧ ਹੋਵੇ ਕਿ ਹਰ ਪਾਸਿਓਂ ਜਨਤਾ ਦੀਆਂ ਤਕਲੀਫਾਂ ਦੀ ਪੂਰੀ ਪੂਰੀ ਖਬਰ ਮਿਲਦੀ ਰਹੇ। ਇਸ ਲਈ ਵਾਜਬ ਹੈ ਕਿ ਆਪਣੇ ਦੇਸ ਵਿਚ ਵੱਸਦੀ ਹਰ ਇਕ ਕੌਮ ਦੀ ਪ੍ਰਤੀਨਿਧਤਾ ਲਈ ਉਨ੍ਹਾਂ ਵਿਚੋਂ ਲਾਇਕ ਆਦਮੀ ਰਾਜ ਪ੍ਰਬੰਧ ਦੀ ਮੁਖੀ ਸੰਸਥਾ ਵਿਚ ਲਏ ਜਾਣ। ਹਰ ਕਿਸਮ ਦੀ ਤਾਲੀਮ, ਤੇ ਦਸਤਕਾਰੀ ਸਿਖਣ ਦਾ ਪ੍ਰਬੰਧ ਹੋਏ। ਗੱਲ ਕੀ, ਜਨਤਾ ਨੂੰ ਹਰ ਤਰ੍ਹਾਂ [2] ਸੁਖੀ ਰਖਿਆ ਜਾਏ।


  1. ਜਦ ਇਹ ਪ੍ਰਾਣੀ ਨਿਆਉਂ ਕਿਸੀ ਕਾ ਕਰਨ ਬੈਠੇ, ਤਬ ਆਪਣਾ ਧਰਮ ਆਪਣੇ ਸਿਰ ਪਰ ਰੱਖ ਕਰੇ, ਚੁਕਾਵੇ ਔਰ ਜੋ ਕਦਾਂਚ ਆਪਣੇ ਲੋਕ ਦੇ ਵਾਸਤੇ, ਦੇਖਾ ਦੇਖੀ, ਅਥਵਾ ਆਪਣੇ ਪੰਥ ਕੀ ਰਿਆਇਤ ਕੇ ਵਾਸਤੇ ਕਿਸੀ ਕਾ ਅੰਸ਼ ਖੋਵੇਗਾ, ਉਹ ਅੰਤਕਾਲ ਭਾਰੀ ਸਜ਼ਾ ਪਾਵੇਗਾ।

    (ਪ੍ਰੇਮ ਸੁਮਾਰਗ)

  2. ਰਾਜੇ ਕੋ ਚਾਹੀਏ ਹਰ ਮੁਲਕ ਦੀ ਬੋਲੀ ਕਾ ਆਦਮੀ ਵਿਦਿਆਵੰਦ, ਅਕਲਵੰਦ, ਲਾਇਕ ਹੋਵੇ ਸੋ ਆਪਣੇ ਪਾਸ ਰਖੇ।
    ਤਥਾ:- ਰਾਜੇ ਕੋ ਚਾਹੀਏ ਕਿ ਜੋ ਬਿਨਾਂ ਕਿਰਤ ਰੋਜ਼ਗਾਰ ਕੋਈ ਪ੍ਰਾਣੀ ਨ ਰਹੇ। ਖਬਰ ਪ੍ਰਜਾ ਕੀ ਲੇਤਾ ਰਹੇ। ਰਾਜਾ ਇਸ ਬਾਤ ਕੋ ਸਿਰਜਿਆ ਹੈ। ਜੋ ਬੰਦੋਬਸਤ ਪ੍ਰਜਾ ਕਾ ਭਲੀ ਭਾਂਤ ਕਰੇ। ਪ੍ਰਜਾ ਸੁਖੀ ਰਹੇ।

    (ਪ੍ਰੇਮ ਸੁਮਾਰਗ)

125