ਪੰਨਾ:ਪੂਰਨ ਮਨੁੱਖ.pdf/122

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਜਿਹਾ ਅਸਥਾਨ ਬਨਾਵੇ, ਜਿਥੇ ਹਰ ਇਕ ਸਾਧੂ ਸੰਤ ਆਇਆ ਗਿਆ ਅਥਿਤੀ ਮੁਸਾਫ਼ਰ, ਲੋੜਵੰਦ ਆਰਾਮ ਪਾ ਸਕੇ। ਇਹ ਅਸਥਾਨ ਦਾ ਨਾਮ ਗੁਰਮਤ ਸਾਹਿਤ ਵਿਚ [1] ਧਰਮਸਾਲ ਹੈ। ਇਹ ਅਸਥਾਨ ਕਰਤਾ ਪੁਰਖ ਦੀ ਯਾਦ ਹਿਤ ਇਕਠੇ ਹੋਣ ਲਈ, ਤੇ ਉਸ ਦੀ ਕਿਰਤ ਮਖਲੂਕ ਦੀ ਸੇਵਾ ਹਿਤ ਬਨਾਣਾ ਹੈ। ਇਹ ਕੋਈ ਫਿਰਕੂ ਮੰਦਰ ਨਹੀਂ ਥਾਪਣਾ, ਕਿ ਜਿਸ ਦੇ ਬਣਦਿਆਂ ਹੀ ਦੂਜੇ ਫਿਰਕੇ ਮੰਦਰਾਂ ਨਾਲ ਵਾਦ ਵਿਵਾਦ ਸ਼ੁਰੂ ਹੋ ਜਾਵੇ। ਰਹਿਤਵਾਨ ਸਿੰਘ ਦੇ ਜੀਵਨ ਵਿਚ ਤਾਂ ਵਾਦ ਵਿਵਾਦ ਬਣਿਆ ਹੀ ਨਹੀਂ ਉਹ ਤਾਂ ਹਰ ਇਕ ਪ੍ਰਭੂ ਦੀ ਜੋਤ ਦੇਖਦਾ ਹੈ।[2] ਹਰ ਮੰਦਰ ਵਿਚ ਉਸ ਦੀ ਪੂਜਾ ਹੁੰਦੀ ਤਕਦਾ ਤੇ ਹਰ ਇਬਾਦਤ ਗਾਹ ਵਿਚ ਉਸ ਦੀ ਯਾਦ ਨੂੰ [3] ਹੀ ਅਨੁਭਵ ਕਰਦਾ ਹੈ। ਰਹਿਤਵਾਨ ਸਿੰਘ ਨੂੰ ਕਿਸੇ ਮੰਦਰ ਨਾਲ ਦਵੇਸ਼ ਹੋਵੇ ਵੀ ਕਿਸ ਤਰ੍ਹਾਂ ਜਦ ਉਸ ਦੀ ਨਿਗਾਹ ਵਿਚ ਦੂਜਾ ਕੋਈ ਹੈ ਨਹੀਂ। ਉਹ ਦੇਹਰਾ, ਮਸੀਤ, ਪੂਜਾ ਤੇ ਨਿਮਾਜ਼ ਦੇ ਭੇਦ ਨੂੰ ਕੀ ਜਾਣੇ, ਜਿਸ ਦੀ ਨਿਗਾਹ ਵਿਚ ਮਨੁਖ ਦੀ ਜ਼ਾਤ ਇਕ ਹੀ ਹੈ। ਉਸ ਨੂੰ ਇਹ ਜ਼ਾਹਿਰ ਭੇਖ ਤਾਂ ਦੇਸ ਕਾਲ ਦੇ ਵਿਤਕਰੇ ਅਨੁਸਾਰ ਲੋੜਵੰਦ ਲਿਬਾਸ ਦਿਸ ਆਉਂਦੇ ਹਨ। ਉਹ ਭੇਖਾਂ ਦਾ ਪੁਜਾਰੀ ਨਹੀਂ ਉਸ ਨੂੰ ਇਹ ਭਰਮਾ ਨਹੀਂ ਸਕਦੇ।


  1. ਪਿੰਡ ਵਿਚ ਇਕ ਅਸਥਾਨ ਸਾਧੂ ਸੰਤ ਕਾ ਬਣਾਵਣਾ, ਜਹਾਂ ਸਾਧੂ ਸੰਗਤ ਇਕਤ੍ਰ ਹੋਵੇ ਤੇ ਆਇਆ ਗਿਆ ਬਿਸਰਾਮ ਕਰੇ।

    (ਰਹਿਤਨਾਮਾ ਭਾਈ ਦੇਸਾ ਸਿੰਘ)

  2. ਦੇਹੁਰਾ ਮਸੀਤ ਸੋਈ, ਪੂਜਾ ਔ ਨਿਵਾਜ ਓਹੀ,
      ਮਾਨਸ ਸਭੈ ਏਕ ਪਹਿ ਅਨੇਕ ਕੋ ਪ੍ਰਭਾਓ ਹੈ।
    ਦੇਵਤਾ ਅਦੇਵ ਜਡ, ਗੰਧਰਬ ਤੁਰਕ ਹਿੰਦੂ,
      ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਸੁਭਾਓ ਹੈ।
    ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨ,
      ਖਾਕ ਬਾਦ ਆਤਸ਼ ਐ ਆਬ ਕੋ ਰਲਾਉ ਹੈ।
    ਅਲਾਹ ਅਭੇਖ ਸੋਈ, ਪੁਰਾਨ ਔ ਕੁਰਾਨ ਓਹੀ,
      ਏਕ ਹੀ ਸਰੂਪ ਸਭੈ ਏਕ ਹੀ ਬਨਾਉ ਹੈ।
    ਹਿੰਦੂ, ਤੁਰਕ, ਕੋਈ ਰਾਜ਼ੀ, ਅਮਾਮਸ਼ਾਫੀ,
      ਮਾਨਸ ਕੀ ਜਾਤ ਸਭੈ ਏਕੈ ਪਹਚਾਨਬੋ॥
    ਕਰਤਾ ਕਰੀਮ ਸੋਈ, ਰਾਜ਼ਕ ਰਹੀਮ ਓਹੀ .
      ਦੂਸਰੋ ਨ ਭੇਦ ਕੋਈ ਭੂ ਭਰਮ ਮਾਨਬੋ।
    ਏਕ ਹੀ ਕੀ ਸੇਵ, ਸਭਹੀ ਕੋ ਗੁਰਦੇਵ ਏਕ,
      ਏਕ ਹੀ ਸਰੂਪ ਸਭੈ ਏਕੈ ਜੋਤ ਜਾਨਬੋ।

  3. ਬਰਹਮਨ ਮੁਸ਼ਤਾਕੇ ਬੁਤ ਜ਼ਾਹਿਦ ਰਿਦਾਏ ਖ਼ਾਨਕਾਹ। ਹਰਕਿ ਰਾ ਜਾਮੇਂ ਮੁਹਬਤ ਦੀਦਾਰਅਮ ਸਰਸ਼ਾਹ ਹਸਤ।

    (ਭਾ: ਨੰਦ ਲਾਲ ਜੀ)

122