ਪੰਨਾ:ਪੂਰਨ ਮਨੁੱਖ.pdf/12

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਿ ਲਵੋ ਕਿ ਜੁਗ ਪਲਟਣ ਨਾਲ ਮਨੁੱਖ ਪਲਟਦਾ ਹੈ ਤੇ ਮਨੁਖ ਪਲਟਣ ਨਾਲ ਜੁਗ ਪਲਟਦਾ ਹੈ, ਕਿਉਂ ਕਿ ਜੁਗ ਤੇ ਮਨੁਖ ਇਕ ਦੂਜੇ ਨਾਲ ਅਜਿਹੇ ਜੁੜ ਰਹੇ ਹਨ ਕਿ ਦੋਹਾਂ ਦੀ ਹੋਂਦ ਨੂੰ ਅਲਹਿਦਾ, ਅਲਹਿਦਾ ਨਹੀਂ ਜਾਚਿਆ ਜਾ ਸਕਦਾ। ਏਹੀ ਕਾਰਨ ਹੈ ਕਿ ਨਵੇਂ ਜੁਗ ਦਾ ਸੰਦੇਸ਼ ਦੇਣ ਵਾਲਿਆਂ ਨੇ ਨਵੇਂ ਮਨੁਖ ਜੀਵਨ ਦੀ ਖ਼ਬਰ ਦਿਤੀ ਹੈ, ਕਿਉਂ ਕਿ ਜੇ ਮਨੁਖ ਜੀਵਨ ਵਿਚ ਨਵੀਨਤਾ ਆਵੇ ਤਾਂ ਜੁਗ ਨੇ ਆਪਣੇ ਆਪ ਹੀ ਨਵੀਨ ਹੋ ਜਾਣਾ ਹੋਇਆ। ਏਹੀ ਕਾਰਨ ਹੈ ਕਿ ਪੁਰਾਣੇ ਮਨੁਖ ਜੀਵਨ ਦੇ ਮੁਕਣ ਨਾਲ ਹੀ ਪੁਰਾਣਾ ਜੁਗ ਮੁਕ ਜਾਂਦਾ ਹੈ। ਗੁਰੂ ਨਾਨਕ ਨੇ ਨਵੇਂ ਜੁਗ ਦੀ ਖ਼ਬਰ ਦਿਤੀ ਹੈ ਜਿਸ ਨੂੰ ਐਉਂ ਕਹਿ ਲਵੋ ਤਾਂ ਸਹੀ ਹੋਵੇਗਾ ਕਿ ਉਨ੍ਹਾਂ ਨੇ ਨਵੇਂ ਮਨੁਖ ਜੀਵਨ ਦਾ ਪਤਾ ਦਿਤਾ ਹੈ। ਇਹ ਨਵਾਂ ਜੀਵਨ ਮੁਕੰਮਲ ਜੀਵਨ ਹੈ। ਇਸ ਵਿਚੋਂ ਪੁਰਾਣੀਆਂ ਤੁਟੀਆਂ ਖ਼ਤਮ ਕਰ ਦਿਤੀਆਂ ਗਈਆਂ ਹਨ। ਪੁਰਾਣੇ ਜੁਗ ਦੇ ਇਤਿਹਾਸ ਤੇ ਨਿਗਾਹ ਮਾਰੀਏ ਤਾਂ ਪਤਾ ਲਗਦਾ ਹੈ ਕਿ ਮਨੁਖ ਪੁਰਾਣੇ ਜੁਗ ਵਿਚ ਜਾਂ ਕਿਸੇ ਦਾ ਮਾਂਗਤ ਤੇ ਗੁਲਾਮ ਤੇ ਜਾਂ ਜੀਵਨ ਵਲੋਂ ਉਪਰਾਮ ਤੇ ਨਿਰਾਮ ਬਣਾਇਆ ਗਿਆ ਸੀ। ਪਿਛਲੇ ਯੁਗ ਵਿਚ ਮਨੁਖ ਜੀਵਨ ਦੀ ਘਾੜਤ ਘੜਨ ਦੀਆਂ ਦੋ ਟਕਸਾਲਾਂ ਸਨ। ਇਕ ਦਾ ਪਹਾਰਾ ਫ਼ਲਸਤੀਨ ਵਿਚ ਸੀ ਤੇ ਦੂਜੀ ਦਾ ਦਾਰਿਆਏ ਕਾਬਲ ਤੇ ਸਿੰਧ ਤੋਂ ਲੰਘ ਪੰਜਾਬ ਦੇ ਦਰਿਆਵਾਂ ਦੇ ਦਰਮਿਆਨ ਫੈਲੀ ਹੋਈ ਖ਼ੂਬਸੂਰਤ ਚਰਾਹਗਾਹਾਂ ਦੀ ਧਰਤੀ ਦੇ ਰਮਣੀਕ ਵਣਾਂ ਵਿਚ। ਪਹਿਲੀ ਟਕਸਾਲ ਵਿਚ ਜੋ ਜੀਵਨ ਘੜਿਆ ਗਿਆ ਉਹ ਮਨੁਖ ਨੂੰ ਇਹ ਦ੍ਰਿੜਾਉਂਦਾ ਸੀ ਕਿ ਉਹ ਜਗਤ ਦਾ ਆਖ਼ਰੀ ਮਾਲਕ ਨਹੀਂ ਸਗੋਂ ਮਾਲਕ ਅਸਮਾਨਾਂ ਦੀਆਂ ਉਚਾਈਆਂ ਤੇ ਰਹਿੰਦਾ ਹੈ ਤੇ ਸੰਸਾਰ ਦੀ ਮਰਯਾਦਾ ਚਲਾਉਣ ਲਈ ਆਪਣੀ ਕਾਇਮ ਕੀਤੀ ਹੋਈ ਨਿਯਮਾਵਲੀ ਫ਼ਰਿਸ਼ਤਿਆਂ ਦੀ ਰਾਹੀਂ ਮਨੁਖ ਨੂੰ ਸੁਣਾਉਂਦਾ ਹੈ। ਮਨੁਖ ਉਸ ਅਸਮਾਨਾਂ ਵਾਲੇ ਮਾਲਕ ਦਾ ਇਕ ਨਾ-ਚੀਜ਼ ਦਾਸ ਤੇ ਉਸ ਦੀਆਂ ਰਹਿਮਤਾਂ ਤੇ ਬਰਕਤਾਂ ਦਾ ਮਾਂਗਤ ਹੈ। ਜੇ ਮਾਲਕ ਮਨੁਖ ਦੀ ਦੀਨਤਾ ਤੇ ਪ੍ਰਸੰਨ ਹੋ ਜਾਵੇ ਤਾਂ ਏਸ

12