ਪੰਨਾ:ਪੂਰਨ ਮਨੁੱਖ.pdf/119

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੰਘ ਨੂੰ ਕਿਸੇ ਦੀ ਜ਼ਾਤ ਨਾਲ ਗਿਲਾਨੀ ਨਹੀਂ ਹੋ ਸਕਦੀ। ਹਾਂ ਮੰਦ ਕਰਮ ਤੋਂ ਗਿਲਾਨੀ ਹੋਣੀ ਚਾਹੀਦੀ ਹੈ। ਸੋ ਜੇ ਮਸੰਦ, ਕੁੜੀਮਾਰ, ਨੜੀਮਾਰ ਜਾਂ ਸਿਰਗੁੰਮ ਆਪਣੀ ਕਮਜ਼ੋਰੀ ਨੂੰ ਸਮਝਣ, ਉਸ ਤੇ ਪਸਚਾਤਾਪ ਕਰਨ, ਤਾਂ ਇਨ੍ਹਾਂ ਨਾਲ ਵੀ ਪ੍ਰੇਮ ਕਰਨ ਦੀ ਆਗਿਆ ਹੈ। ਹਕੀਕਤ ਵਿਚ ਤਾਂ ਇਹ ਨ-ਮਿਲਵਰਤਨ ਵੀ ਪ੍ਰੇਮ ਦਾ ਹੀ ਸੂਚਕ ਹੈ। ਕਿਉਂ ਜੇ ਬੁਰਾਈ ਨਾਲ ਮਿਲਵਰਤਨ ਕਰਨਾ ਮੋਹ ਹੈ, ਤੇ ਉਸਤੋਂ ਸੰਕੋਚ ਕਰਨਾ ਬੁਰੇ ਦਾ ਬੁਰਾਈ ਵਲ ਧਿਆਨ ਨ ਦਿਵਾਣਾ ਤੇ ਉਸ ਨੂੰ ਇਸ ਤੋਂ ਬਚਨ ਲਈ ਪ੍ਰੇਰਨਾ ਕਰਨੀ ਹੈ। ਸੋ ਰਹਿਤਵਾਨ ਸਿੰਘ ਨੇ ਇਸ ਤਰ੍ਹਾਂ ਇਨ੍ਹਾਂ ਕੁਸੰਗੀਆਂ ਤੋ ਵਖਰੇ ਰਹਿ, ਉਨ੍ਹਾਂ ਨੂੰ ਭਲੇ ਹੋਣ ਦੀ ਪ੍ਰੇਰਨਾ ਕਰਨੀ ਹੈ।

ਸਿੰਘ ਦੀ ਪੰਥਕ ਰਹਿਤ ਦੀ ਇਹ ਮੁਖਤਸਿਰ ਜਿਹੀ ਵਿਚਾਰ ਉਸ ਦੇ ਜੀਵਨ ਦੇ ਇਕ ਵਡੇ ਕਰਤਵ ਨੂੰ ਦਰਸਾਉਂਦੀ ਹੈ, ਜਿਸਦਾ ਸਾਰ ਸੰਤਾਂ ਨੂੰ ਉਬਾਰਨਾ ਹੈ ਤੇ ਕੁਰਾਹੀਆਂ ਨੂੰ ਰਾਹੇ ਪਾਣਾ ਹੈ। ਸੋ ਜੋ ਰਹਿਤਵਾਨ ਸਿੰਘ, ਪੰਥ ਨੂੰ ਗੁਰੂ ਕਰ ਸਮਝਦਾ ਹੈ, ਉਸ ਦੀ ਆਗਿਆ ਵਿਚ ਬਿਲਾ ਉਜ਼ਰ ਚਲਦਾ, ਕਿਰਤ ਵਿਚੋਂ ਦਸਵੰਧ ਪੰਥ ਭੇਟ ਕਰਦਾ, ਸਿੰਘ ਦੀ ਸੇਵਾ ਕਮਾਉਂਦਾ ਹੈ, ਤੇ ਕੁਸੰਗੀਆਂ ਕੋਲੋਂ ਡਰਦਾ ਹੈ ਉਹੋ ਹੀ ਸਿੰਘ ਸ਼ਖਸ਼ੀ ਰਹਿਤ ਹੋ ਅਗਾਂਹ ਲੰਘ ਪੰਥਕ ਰਹਿਤ ਦਾ ਰਹਿਤਵਾਨ ਹੈ।

ਜਗਤ ਵਰਤੋਂ ਰਹਿਤ

ਅੰਮ੍ਰਿਤਧਾਰੀ ਸਿੰਘ ਨੇ ਸ਼ਖਸੀ ਤੌਰ ਤੇ ਤਿਆਰ ਬਰਤਿਆਰ ਹੋ ਪੰਥ ਵਿਚ ਮਿਲ ਹੁਣ ਤੀਸਰੀ ਕਿਸਮ ਦੀ ਰਹਿਤ ਦਾ ਪ੍ਰਣ ਲੈਣਾ ਹੈ। ਉਹ ਰਹਿਤ ਹੈ ਜਗਤ ਨਾਲ ਵਰਤੋਂ ਕਰਨ ਦੇ ਮੁਤਅੱਲਕ। ਅਸਲ ਵਿਚ ਤਾਂ ਸਿੰਘ ਦਾ ਜਗਤ ਉਧਾਰ ਹੀ ਮਨੋਰਥ ਹੈ। ਉਸ ਨੇ ਮਨੁਖ ਮਾਤਰ ਨੂੰ ਆਪਣੇ ਵਰਗਾ ਬਣਾਉਣਾ ਹੈ। ਜਲ ਥਲ ਵਿਚ ਰਹਿਣ ਵਾਲੇ ਪ੍ਰਾਣੀਆਂ ਵਿਚ ਜੀਵਨ ਜੋਤ ਜਗਾਣੀ ਹੈ। ਜਗਤ ਵਿਚ ਪੁੰਨ ਦਾ ਪ੍ਰਤਾਪ ਵਧਾਣਾ ਤੇ[1] ਪਾਪ ਨੂੰ ਖਪਾਣਾ ਹੈ।


  1. ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿਖ ਭਵਾਨ ਜਪੈਂਗੇ।
    ਜੀਵ ਜਿਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ।
    ਪੁਨ ਪ੍ਰਤਾਪਨ ਬਾਢਤ ਜੈ ਧੁਨ ਪਾਪਨ ਕੇ ਬਹੁ ਪੰਚ ਖਪੈਂਗੇ।
    ਸਾਧ ਸਮੂੰਹ ਪ੍ਰਸੰਨ ਫਿਰੈਂ ਜਗ, ਸਤ੍ਰ ਸਭੈ ਅਵਲੋਕ ਚਪੈਂਗੇ।

119