ਪੰਨਾ:ਪੂਰਨ ਮਨੁੱਖ.pdf/107

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਤਰ੍ਹਾਂ ਦੀਆਂ ਖ਼ਾਸ ਖ਼ਾਸ ਇਹਤਿਆਤਾਂ, ਜਿਨ੍ਹਾਂ ਤੋਂ ਬਿਨਾਂ ਸਿਖ ਦੇ ਮਨ ਵਿਚ ਕਮਜ਼ੋਰੀ ਆ ਜਾਣ ਦੀ ਸੰਭਾਵਨਾ ਹੋਵੇ, ਵਰਤਣ ਦੀ ਆਗਿਆ ਕੀਤੀ ਗਈ ਹੈ, ਪਰ ਆਮ ਤੌਰ ਤੇ ਹਰ ਇਕ ਕਿਸਮ ਦਾ ਲਿਬਾਸ ਜੋ [1]ਸਮੇਂ ਤੇ ਅਸਥਾਨ ਅਨਕੂਲ ਹੋਵੇ, ਪਹਿਨਣ ਦੀ ਆਗਿਆ ਹੈ।

ਪੰਥਕ ਰਹਿਤ

ਰਹਿਤਵਾਨ ਸਿੰਘ ਦਾ ਜੀਵਨ ਸ਼ੁਰੂ ਹੀ ਇਸ ਪ੍ਰਪੱਕ ਨਿਸਚੇ ਤੋਂ ਹੁੰਦਾ ਹੈ ਕਿ ਉਹ ਜਗਤ-ਜੀਵਨ ਪ੍ਰਭੂ ਦੇ ਅੰਸ਼ ਹੋਣ ਕਰਕੇ ਓਸਦੇ ਸਵਰੂਪ ਵਿਸ਼ਵ ਦਾ ਇਕ ਅੰਕ ਹੈ, ਜਿਸ ਕਰਕੇ ਉਸਦੇ ਮੁਕੰਮਲ ਤੇ ਨਰੋਏ ਹੋਣ ਨਾਲ ਜਗਤ ਦੇ ਪਵਿਤ੍ਰ ਤੇ ਅਰੋਗ ਹੋਣ ਨਾਲ ਹੀ ਉਹ ਸ਼ਾਂਤ-ਚਿਤ ਰਹਿ ਸਕਦਾ ਹੈ। ਇਸ ਲਈ ਸਿੰਘ ਕੇਵਲ ਸ਼ਖਸ਼ੀ ਜੀਵਨ ਨਹੀਂ ਜੀ ਸਕਦਾ। ਓਸ ਨੇ ਜਗਤ-ਜੀਵਨ ਜੀਣਾ ਹੈ।ਇਸ ਜਗਤ ਨੂੰ ਪਾਪਾਂ ਤੋਂ ਬਰੀ ਕਰ ਤੇ ਜਰਵਾਣਿਆਂ ਨੂੰ ਦਮਨ ਕਰ ਪੁੰਨ ਦਾ ਅਸਥਾਨ ਬਣਾਉਣ ਹਿਤ ਪੰਥ ਸਾਜਿਆ ਗਿਆ ਹੈ। ਅੰਮ੍ਰਿਤਧਾਰੀ ਸਿੰਘ ਖ਼ਾਲਸਾ ਪੰਥ ਦਾ ਇਕ ਜੁਜ਼ ਹੈ। ਉਹ ਸ਼ਖਸ਼ੀ ਤੌਰ ਤੇ ਰਹਿਤਵਾਨ ਹੈ। ਜੀਵਨ ਨੂੰ ਉਜਲਾ ਇਸ ਵਾਸਤੇ ਹੀ ਬਣਾਉਂਦਾ ਹੈ ਕਿ ਪੰਥਕ ਮਾਲਾ ਵਿਚ ਇਕ ਮਣਕੇ ਵਾਂਗ ਸ਼ੋਭ ਸਕੇ। ਉਹਦਾ ਕੁਰਹਿਤਾਂ ਕੋਲੋਂ ਬਚਣ ਦਾ ਇਹੀ ਮਤਲਬ ਹੈ ਕਿ ਕਿਧਰੇ ਉਸਦਾ ਕੁਰਹਿਤੀਆਂ ਜੀਵਨ ਪੰਥਕ ਹਾਰ ਨੂੰ, ਜਿਸ ਦਾ ਉਹ ਇਕ ਮੋਤੀ ਹੈ, ਕੋਝਾ ਨਾ ਬਣਾ ਦੇਵੇ। ਰਹਿਤਵਾਨ ਸਿੰਘ ਪੰਥ ਦਾ ਇਕ ਸਿਪਾਹੀ ਹੈ, ਜਿਸ ਨੇ ਬਿਲਾ ਉਜ਼ਰ ਲੋੜ ਪੈਣ ਤੇ ਭੇਂਟ ਕਰਨ ਲਈ ਆਪਣਾ ਸੀਸ ਪੰਥ ਦੇ ਸਪੁਰਦ ਕੀਤਾ ਹੋਇਆ ਹੈ। ਹੁਣ ਉਸਦਾ ਸਿਰ ਉਸਦੇ ਮੋਢਿਆ ਤੇ ਪੰਥ ਦੀ ਇਕ ਅਮਾਨਤ ਹੈ। ਜਿਸ ਤਰ੍ਹਾਂ ਪ੍ਰਾਣ ਪੰਥ


  1. ਸ੍ਰੀ ਦਸਮ ਪਾਦਸ਼ਾਹ ਜੀ ਨੇ ਖ਼ੁਦ ਖ਼ਾਲਸਾ ਪ੍ਰਗਟ ਕਰਨ ਦੇ ਬਾਅਦ ਮਾਲਵੇ ਵਿਚ ਇਕ ਸਿਖ ਦੇ ਲੁੰਗੀ ਤੇ ਖੇਸ ਭੇਟਾ ਕਰਨ ਤੇ, ਲੁੰਗੀ ਤੇੜ ਬੰਨ੍ਹ ਤੇ ਖੇਸ ਮੋਢੇ ਤੇ ਸੁੱਟ, ਫੁਰਮਾਇਆ ਸੀ:- ਤੇੜ ਲੁੰਗੀ ਤੇ ਮੋਢੇ ਖੇਸ। ਜੇਹਾ ਦੇਸ ਤੇਹਾ ਵੇਸ।

    (ਪੰਥ ਪ੍ਰਕਾਸ਼)

107