ਪੰਨਾ:ਪੂਰਨ ਮਨੁੱਖ.pdf/106

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹਿਤਵਾਨ ਸਿੰਘ ਨੂੰ ਮਸ਼ਵਰੇ ਦਿੱਤੇ ਗਏ ਹਨ। ਜੇਹਾ ਕਿ ਸਿੰਘ ਸੁਰਮਈ, ਸੁਫੈਦ, ਪੀਲੇ, ਹਰੇ, ਹਰ ਰੰਗ ਦੇ ਕਪੜੇ ਬੇਸ਼ਕ ਪਹਿਨ ਲਵੇ, ਪਰ ਸੂਹਾ ਗੇਰਵਾ [1]ਨਾ। ਪਹਿਨੇ ਲਿਬਾਸ ਵਿਚ ਕੋਈ ਖਾਸ ਭੇਦ ਨਹੀਂ ਪਾਇਆ ਗਿਆ। ਜਿਹੋ ਜਿਹਾ ਦੇਸ ਹੋਵੇ ਓਹੋ ਜਿਹਾ ਵੇਸ ਕਰ ਲੈਣ ਦੀ ਆਗਿਆ ਦਿਤੀ ਗਈ ਹੈ। ਪਰ ਮਾਨਸਿਕ ਕਮਜ਼ੋਰੀ ਤੋਂ ਖ਼ਬਰਦਾਰ ਰਹਿਣ ਲਈ ਸਿੰਘ ਨੂੰ ਕਿਹਾ ਗਿਆ ਹੈ ਕਿ ਉਹ ਟੋਪੀ [2] ਨਾ ਪਹਿਨੇ।


  1. ਪੰਜਾਬ ਦੇਸ ਵਿਚ ਸੂਹਾ ਗੌਰਵਾ ਲਿਬਾਸ ਆਮ ਤੌਰ ਤੇ ਸਨਿਆਸੀ ਭਿਖਸ਼ੂ ਪਾਉਂਦੇ ਹਨ। ਚੁਨਾਂਚਿ ਲੋਕ ਦੂਰੋਂ ਹੀ ਭਗਵੇਂ ਕਪੜਿਆਂ ਵਾਲੇ ਨੂੰ ਵੇਖ ਉਨ੍ਹਾਂ ਨੂੰ ਭਿਖਾਰੀ ਸਮਝ, ਉਨ੍ਹਾਂ ਨਾਲ ਭਿਖਸ਼ੂਆਂ ਵਾਲਾ ਸਲੂਕ ਕਰਨ ਤੇ ਤਿਆਰ ਹੋ ਜਾਂਦੇ ਸਨ, ਜਿਸ ਕਰਕੇ ਸਿੰਘ ਨੂੰ ਮਸ਼ਵਰਾ ਦਿਤਾ ਗਿਆ ਕਿ ਉਹ ਇਸ ਰੰਗ ਦੇ ਕਪੜੇ ਨ ਪਾਵੇ ਤਾਕਿ ਕਿਸੇ ਨੂੰ ਟਪਲਾ ਨ ਲਗੇ। ਪਰ ਇਸ ਦੇ ਇਹ ਅਰਥ ਨਹੀਂ ਕਿ ਜੇ ਸਿੰਘ ਕਿਸੇ ਭਲੇ ਕਰਮ ਕਰਨ ਹਿਤ ਭਗਵਾਂ ਲਿਬਾਸ ਪਾਉਣ ਦੀ ਲੋੜ ਪਵੇ ਤਾਂ ਉਹ ਇਸ ਮਰਯਾਦਾ ਨੂੰ ਕਰਮ ਕਾਂਡੀਆਂ ਵਾਂਗ ਸਾਹਮਣੇ ਰੱਖਦਾ ਹੋਇਆ ਉਹ ਸੁਕ੍ਰਿਤ ਤੋਂ ਰੁਕ ਜਾਵੇ। ਖਾਲਸੇ ਨੂੰ ਨੇਕੀ ਕਰਨ ਹਿਤ ਹਰ ਕਿਸਮ ਦਾ ਲਿਬਾਸ ਪਹਿਨ ਲੈਣ ਦੀ ਆਗਿਆ ਹੈ। ਇਸ ਦਾ ਸਬੂਤ ਇਤਿਹਾਸ ਵਿਚ ਸਤਿਗੁਰਾਂ ਦੇ ਆਪਣੇ ਵਿਦਿਆਰਥੀ ਸਿਖਾਂ ਨੂੰ ਕਾਂਬੀ ਜਾ, ਸੰਸਕ੍ਰਿਤ ਪੜ੍ਹਨ ਹਿਤ ਭਗਵੇਂ ਕਪੜੇ ਪਹਿਨਣ ਦੀ ਆਗਿਆ ਤੋਂ ਮਿਲਦਾ ਹੈ।
  2. ਟੋਪੀ ਦੇ ਮੁਤਅੱਲਕ ਭਾਈ ਪ੍ਰਲਾਦ ਸਿੰਘ ਜੀ ਦੇ ਰਹਿਤਨਾਮੇ ਵਿਚ ਦੋ ਬਚਨ ਆਏ ਹਨ। ਇਕ ਵਿਚ ਟੋਪੀ ਨਾ ਪਹਿਣਨ ਦਾ ਸਿੰਘ ਨੂੰ ਮਸ਼ਵਰਾ ਦਿਤਾ ਗਿਆ ਹੈ ਅਤੇ ਦੂਸਰੇ ਬਚਨ ਵਿਚ ਟੋਪੀ ਦੇਖ ਕੇ ਸੀਸ ਨਿਵਾਣ ਦੇ ਖਿਲਾਫ ਤਾੜਨਾ ਕੀਤੀ ਗਈ ਹੈ। ਇਸ ਦਾ ਕਾਰਨ ਇਹ ਪ੍ਰਤੀਤ ਹੁੰਦਾ ਹੈ ਕਿ ਮਸੰਦ (ਜਿਨ੍ਹਾਂ ਦਾ ਵਿਸਥਾਰ ਨਾਲ ਜ਼ਿਕਰ ਅਗੇ ਆਵੇਗਾ) ਜੋ ਧਰਮ ਪ੍ਰਚਾਰ ਦੇ ਨਾਮ ਤੇ ਠੱਗੀ ਤੇ ਅਤਿਆਚਾਰ ਕਰ ਰਹੇ ਸਨ, ਆਪਣੇ ਪ੍ਰਗਟ ਨਿਸ਼ਾਨ ਦੇ ਤੌਰ ਤੇ ਗਲ ਸੇਹਲੀ ਤੇ ਸਿਰ ਟੋਪੀ ਰਖਦੇ ਸਨ (ਜਿਹਾ ਕਿ ਅਜ ਤਕ ਗੁਰੂ ਹਰ ਸਹਾਇ ਵਿਚ ਪ੍ਰਿਥੀ ਚੰਦੀਆਂ ਦੀ ਸੇਹਲੀ ਟੋਪੀ, ਮਹੰਤ ਖਾਸ ਦਿਨ ਤੇ ਕਾਰ ਸੇਵਾ ਲੈਣ ਸਮੇਂ ਪਹਿਨਦਾ ਹੈ। ਚੂੰਕਿ ਖਾਲਸੇ ਨੂੰ ਮਸੰਦਾਂ ਨਾਲ ਕਤਈ ਨ-ਮਿਲ ਵਰਤਨ ਦਾ ਹੁਕਮ ਦਿਤਾ ਗਿਆ, ਇਸ ਲਈ ਉਨ੍ਹਾਂ ਦਾ ਪ੍ਰਗਟ ਨਿਸ਼ਾਨ ਵੀ ਤਿਆਗਣ ਯੋਗ ਹੀ ਸਮਝਿਆ ਗਿਆ, ਪਰ ਇਸ ਦਾ ਇਹ ਮਤਲਬ ਨਹੀਂ ਕਿ ਯੁਧ ਸਮੇਂ ਯਾ ਹੋਰ ਕਿਸੇ ਪ੍ਰਾਨ-ਰਖਸ਼ਾ ਹਿਤ ਸਿਰ ਤੇ ਖੋਦ ਪਹਿਨਣਾ ਵੀ ਮਨ੍ਹਾਂ ਹੈ। ਇਤਿਹਾਸ ਵਿਚ ਬਾਬਾ ਦੀਪ ਸਿੰਘ ਤੇ ਹੋਰ ਅਨੇਕ ਯੋਧਿਆਂ ਦਾ ਯੁਧ ਸਮੇਂ ਸਿਰ ਤੇ ਲੋਹੇ ਦਾ ਟੋਪ ਪਾਉਣ ਦਾ ਜ਼ਿਕਰ ਆਉਂਦਾ ਹੈ। ਚੁਨਾਂਚਿ ਗੁਰਬਾਣੀ ਵਿਚ ਵੀ ਇਸ ਕਿਸਮ ਦੀ ਮਜ਼ਹਬੀ ਦੁਕਾਨਦਾਰਾਂ ਦੀ ਪ੍ਰੋਹਿਤ ਜਮਾਤ ਵਲੋਂ ਗੁਰੂ ਦੀ ਚੇਲੇ ਨੂੰ ਟੋਪੀ ਦੇਣ ਦਾ ਜ਼ਿਕਰ ਇਉਂ ਕੀਤਾ ਗਿਆ ਹੈ:―
    ਕੁਲਹਾ ਦਿੰਦੇ ਬਾਵਰੇ ਲੈਂਦੇ ਬਾਹਤ ਨਿਲੱਜ।
    ਦੂਹਾ ਖੇਡ ਨਾ ਪਾਵਈ ਤਿਕਲ ਥਨੇ ਛਜੁ।

106