ਪੰਨਾ:ਪੂਰਨ ਭਗਤ ਲਾਹੌਰੀ.pdf/51

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੯)

ਆਸ਼ਕਾ ਕੋਣ ਫਾਹੇ ਪਰੀਤ ਜਿਨਾਂ ਦੀ ਨਾਲ ਭਗਵਾਨ ਲਗੀ ।੧੧੨।

ਪੂਰਨ ਗੁਰੂ ਨੂੰ ਜਾ ਆਦੇਸ ਬੋਲੇ ਨਾਥ ਆਖਿਆ ਪੂਰਨਾ ਆਈਏ ਜੀ । ਝੋਲੀ ਪਲਟ ਦਿਤੀ ਅਗੇ ਨਾਥ ਜੀ ਦੇ ਫੇਰੀ ਮੋਤੀਆਂ ਦੀ ਪੂਰਨ ਲਾਈਏ ਜੀ । ਜੋਗੀ ਆਖਦੇ ਪੂਰਨਾਂ ਭਾਗ ਤੇਰੇ ਐਸੀ ਸੁੰਦਰਾਂ ਭਿਛਿਆ ਪਾਈਏ ਜੀ । ਨਾਥ ਆਖਿਆ ਭਿਛਿਆ ਮੋਤੀਆਂ ਦੀ ਅਸਾਂ ਜੋਗੀਆਂ ਕੰੰਮ ਨਾ ਕਾਈਏ ਜੀ । ਆਟਾ ਚੰਗਾ ਜੁਆਰ ਦਾ ਮੋਤੀਆਂ ਤੋਂ ਜਿਸਦੇ ਖਾਹਦਿਆਂ ਭੁਖ ਮਿਟਾਈਏ ਜੀ । ਮਾਇਆ ਨਾਗਨੀਏ ਦੁਖ ਦੇਨ ਵਾਲੀ ਏਹਨੂੰ ਪੂਰਨਾ ਪਰੇ ਹਟਾਈਏ ਜੀ । ਭਲਕੇ ਜਾਕੇ ਆਖਣਾ ਪਾਓ ਆਟਾ ਮੋਤੀ ਭਿਛਿਆ ਗੁਰੂ ਨਾਭਾਈਏ ਜੀ । ਅਸੀਂ ਫਕਰ ਹਾਂ ਲੋੜ ਮਧੂਕੜੀ ਦੀ ਕਾਰਨ ਪੇਟਦੇ ਮੰਗ ਲੈ ਆਈਏ ਜੀ । ਮੋਤੀ ਮੋੜ ਦੇ ਆਵਣੇੇ ਸੁੰਦਰਾਂ ਨੂੰ ਕੈਹਣਾ ਭਿਛਿਆ ਅੰਨਦੀ ਪਾਈਏ ਜੀ । ਲਾਹੋਰਾ ਸਿੰਘ ਮੋਤੀ ਕਿਸ ਕਾਰ ਸਾਡੇ ਭੋਜਨ ਖਾਹਦਿਆਂ ਗੀਤ ਹਰ ਗਾਈਏ ਜੀ ।। ੧੧੩ ।।

( ਪੂਰਨ ਦਾ ਜਾਣਾ ਸੁੰਦਰਾਂ ਪਾਸ )

ਪੂਰਨ ਜਾਕੇ ਆਖਿਆ ਸੁੰਦਰਾਂ ਨੂੰ ਨਹੀਂ ਅਸਾਂ ਦੇ ਕਿਸੇ ਦਰਕਾਰ ਮੋਤੀ । ਸਾਨੂੰ ਅੰਨ ਦੀ ਭਿਛਿਆ ਪਾ ਰਾਣੀ ਅਸਾਂ ਜੋਗੀਆਂ ਦੇ ਕਿਸ ਕਾਰ ਮੋਤੀ । ਜੋਗੀ ਮੁੰਦਰਾਂ ਮਾਲ ਲੁਦਰਾਸ ਪੈਹਨਣ ਸੋਹਣ ਰਾਜਿਆਂ ਰਾਣੀਆਂ ਹਾਰ ਮੋਤੀ । ਝੋਲੀ ਉਲਟ ਜਮੀਨ ਤੇ ਆਖਦਾਏ ਰਾਣੀ ਸਾਂਭ ਲੈ ਰਖ ਸਵਾਰ ਮੋਤੀ । ਮੇਰੇ ਗੁਰੂ ਨੇ ਮੁਝ ਨੂੰ ਖ਼ਫਾ ਹੁੰਦੇ ਝਬਦੇ ਮੋੜਿਆ ਪੂਰਨ ਸਧਾਰ ਮੋਤੀ । ਕਾਮਲ ਗੁਰਾਂ ਦੀ ਮੇਹਰ ਥੀਂ ਨਜ਼ਰ ਹੋਈ ਲਾਹੋਰੀ ਲਬਿਆ ਨਾਮ ਕਰਤਾਰ ਮੋਤੀ ।। ੧੧੪ ।।