ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/11

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(5)

ਜੋ ਬਾਣੀਆਂ ਗੁਰੂ ਜੀ ਦੀਆਂ ਨਹੀਂ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ
ਚੜ੍ਹੀਆਂ ਤੇ ਜਨਮ ਸਾਖੀਆਂ ਵਾਲਿਆਂ ਬਾਹਰ ਦੀਆਂ ਕੀਤੀਆਂ (ਜਿਨ੍ਹਾਂ ਵਿਚ
ਨਾਉਂ ਗੁਰੂ ਜੀ ਦਾ ਆਯਾ ਹੈ) ਲਿਖ ਦਿੱਤੀਆਂ ਹਨ ਉਨ੍ਹਾਂ ਦਾ ਨਮੂਨਾ ਅਸਾਂ
ਅੰਤਕਾ ਵਿਚ ਦਿੱਤਾ ਹੈ, ਪੋਥੀ ਵਿਚ ਨਹੀਂ ਰੱਖਿਆ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਬਾਣੀਆਂ ਗੁਰੂ ਕ੍ਰਿਤ ਨਹੀਂ ਮੰਨੀਆਂ ਅਰ ਬੀੜ ਵਿਚ ਨਹੀਂ ਚਾੜ੍ਹੀਆਂ। ਪ੍ਰਾਣ ਸੰਗਲੀ ਆਪ ਨੇ ਸੰਗਲਾ ਦੀਪ ਤੋਂ ਮੰਗਾਈ ਤੇ ਫੇਰ ਨਹੀਂ ਤਸਲੀਮ ਕੀਤੀ। ਕਈ ਇਕ ਸਾਧੂਆਂ ਫ਼ਕੀਰਾਂ ਨੇ ਬਾਣੀਆਂ ਰਚ ਕੇ ਨਾਮ ਗੁਰੂ ਜੀ ਦਾ ਪਿੱਛੇ ਪਾ ਦਿੱਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬੰਨ੍ਹਣ ਦੇ ਕਈ ਕਾਰਨਾਂ ਵਿਚੋਂ ਇਕ ਇਹ ਬੀ ਸੀ ਕਿ ਇਸ ਗੱਲ ਨੂੰ ਰੋਕ ਪੈ ਜਾਵੇ। ਜੁਗਾਵਲੀ ਦੇ ਅੰਤ ਪੁਰ, ਅਰ 'ਵਾਹਿਗੁਰੂ ਕੀ ਮਿਹਨਤਿ' ਤੋਂ ਪਹਿਲਾਂ ਇਕ ਸਤਰੁ ਇਸ ਜਨਮ ਸਾਖੀ ਵਿਚ ਆਉਂਦੀ ਹੈ, 'ਚਾਲੀਸ ਜੁਗ ਕੀ ਮਿਰਜਾਦਾ ਸੰਤ ਲਿਖੀ।' ਜਿਸ ਦਾ ਸਪੱਸ਼ਟ ਅਰਥ ਹੈ ਕਿ ਇਹ ਚਾਲੀ ਜੁਗ ਦੀ ਮਰਿਯਾਦਾ, ਜੋ ਜੁਗਾਵਲੀ ਵਿਚ ਕਹੀ ਹੈ ਕਿਸੇ ਸੰਤ ਦੀ ਰਚੀ ਹੋਈ ਹੈ, ਗੁਰੂ ਜੀ ਦੀ ਨਹੀਂ। ਇਹ ਅੰਦਰਲੀ ਉਗਾਹੀ ਦੱਸਦੀ ਹੈ ਕਿ ਜੋ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਚੜ੍ਹੀ ਤੇ ਸਾਖੀਆਂ ਵਿਚ, ਜਾਂ ਹੋਰਥੇ, ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਹੈ, ਉਹ ਗੁਰੂ ਅਰਜਨ ਦੇਵ ਜੀ ਨੇ ਹੋਰਨਾਂ ਦੀ ਕ੍ਰਿਤ ਨਿਰਨੇ ਕਰਕੇ, ਨਹੀਂ ਚਾੜ੍ਹੀ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਮਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਕੇਵਲ ਚਾਲੀ ਪੰਜਾਹ ਵਰਹ ਮਗਰੋਂ ਆਯਾ, ਉਸ ਵੇਲੇ ਸਾਰੀ ਸਿੱਖੀ, ਸਾਰੇ ਪੁਰਾਣੇ ਸਿੱਖ ਤੇ ਸਾਰੀਆਂ ਲਿਖਤਾਂ ਉਹਨਾਂ ਦੇ ਹਾਜ਼ਰ ਸਨ ਤੇ ਤਾਜ਼ੀ ਪੜਤਾਲ ਹਰ ਗੱਲ ਦੀ ਕਰ ਲੈਣੀ ਉਹਨਾਂ ਦੀ ਸਰਬੱਗਤਾ ਤੋਂ ਛੁੱਟ ਬੀ ਔਖੀ ਗੱਲ ਨਹੀਂ ਸੀ, ਸੋ ਪਰ-ਕ੍ਰਿਤ ਬਾਣੀ ਉਨ੍ਹਾਂ ਨੇ ਛੱਡੀ ਜੋ ਉਹ ਗੁਰੂ-ਕ੍ਰਿਤ ਨਹੀਂ ਹੈ। ਇਥੋਂ ਤਾਈਂ ਕਿ ਭਾਈ ਬੰਨੋ ਨੇ ਜੋ ਕੁਛ ਦੂਸਰੀ ਬੀੜ ਵਿਚ ਚਾੜ੍ਹ ਦਿੱਤਾ, ਓਸ ਪਰ ਭੀ ਆਪ ਨੇ ਅਪ੍ਰਸੰਨਤਾ ਪ੍ਰਗਟ ਕੀਤੀ।

ਸੋ ਪਰ-ਕ੍ਰਿਤ ਲੰਮੇਰੀਆਂ ਬਾਣੀਆਂ ਦੇ ਨਮੂਨੇ ਅਖ਼ੀਰ ਅੰਤਕਾ ਵਿਚ ਦਿੱਤੇ ਹਨ ਤੇ ਛੋਟੇ ਸਲੋਕ ਆਦਿ ਵਿਚੇ ਹੀ ਰਹਿਣ ਦਿੱਤੇ ਹਨ, ਪਰ ਹੇਠਾਂ ਟੂਕ ਵਿਚ ਦੱਸ ਦਿੱਤਾ ਹੈ ਕਿ ਇਹ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹਨ, ਜਿਸ ਤੋਂ ਪਾਠਕਾਂ ਨੂੰ ਇਸ ਗੱਲ ਦੇ ਸਮਝਣ ਵਿਚ ਸੁਗਮਤਾ ਹੋ ਜਾਵੇ ਕਿ ਠੀਕ ਗੁਰੂ ਜੀ ਦੇ ਉਚਾਰੇ ਵਾਕ ਕਿਹੜੇ ਹਨ, ਜੋ ਗੁਰਬਾਣੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਏ ਹਨ।

(6) ਹਰ ਸਾਖੀ ਉਤੇ ਅਸਾਂ ਨੰਬਰ 1,2,3,4 ਆਦਿ ਦਿੱਤੇ ਹਨ, ਅਸਲ ਪੋਥੀ ਵਿਚ
ਨਹੀਂ ਹਨ, ਪਾਠਕਾਂ ਦੀ ਸੁਖੈਨਤਾ ਵਾਸਤੇ ਹਨ।


ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (13)