ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/81

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੮

11-7-1912.

ਪਿਆਰੇ ਜੀ

ਬਾਣੀ ਦਾ ਪਿਆਰ ਨਾਲ ਪਾਠ ਪਿਆਰੇ ਗੁਰੂ ਨਾਨਕ ਦੇ ਸਾਹਮਣੇ ਕਰਨਾ, ਟੁਰਦੇ ਫਿਰਦੇ ਵਿਹਲੇ ਵਕਤਾਂ ਵਿਚ ‘ਧੰਨ ਗੁਰੂ ਨਾਨਕ' ਉਚਾਰਨਾ ਅਰ ਮਾੜਾ ਜਿਹਾ ਖਿਆਲ ਨੁਕਤੇ ਵੱਲ ਰਖਣਾ ਕਿ ਸਾਡੇ ਸਿਰ ਤੇ ਦਾਤ ਹੈ-ਬੱਸ ਇਹ ਕਰਤਬ ਕਰੀ ਚਲੀਏ, ਮਿਹਰ ਕਰਨ ਵਾਲਾ ਸਤਿਗੁਰ ਆਪੇ ਤੁੱਠਦਾ ਰਹਿੰਦਾ ਹੈ। ਡਰਨਾ ਨਹੀਂ ਚਾਹੀਦਾ, ਨਾਮ ਇਕ ਦਿਨ ਵਿਚ ਨਹੀਂ (ਅੰਦਰ) ਵੱਸਦਾ, ਇਹ ਲੰਮੀ ਖੇਡ ਹੈ। ਬੱਚਾ ਵਿਦਵਾਨ ਤਾਂ ਕਦੇ ਹੁੰਦਾ ਹੈ ਪਰ ਸਬਕ ਪਕਾਂਦਾ ਰੋਜ਼ ਹੈ, ਅਰ ਸਬਕ ਪਕਾਣੇ ਕਰਕੇ ਮਾਪੇ ਤੇ ਉਸਤਾਦ ਖੁਸ਼ ਹੁੰਦੇ ਹਨ। ਇਹ ਸੋਚ ਨਹੀਂ ਕਰਨੀ ਚਾਹੀਦੀ ਕਿ ਮਨ ਨਹੀਂ ਲਗਦਾ, ਮਨ ਲੱਗੇ ਯਾ ਨਾ, ਸਬਕ ਪਕਾਈ ਚੱਲੀਏ। ਆਪੇ ਫਿਰ ਲੱਗਣ ਲੱਗ ਜਾਂਦਾ ਹੈ ਅਰ ਮਨ ਵਿਚ ਮਾਣ ਰਖੀਏ ਕਿ ਸਾਡੇ ਸਿਰ ਤੇ ਕਿਸੇ ਦਾ ਹੱਥ ਹੈ:—

ਸਿਰ ਊਪਰਿ ਠਾਢਾ ਗੁਰੁ ਸੂਰਾ॥ ਨਾਨਕ ਤਾਕੈ ਕਾਰਜ ਪੂਰਾ॥

ਸਤਿਗੁਰੂ ਕੰਮਾਂ ਪਰ ਨਹੀਂ ਰੀਝਦਾ—ਕੰਮ ਸ਼ੁਭ ਕਰੋ, ਪਰ ਸਤਿਗੁਰ ਸਿਮਰਨ ਪਰ ਰੀਝਦਾ ਹੈ। ਮੌਤ ਤੋਂ ਨਹੀਂ ਡਰਨਾ, ਮੌਤ ਕੀ ਚੀਜ਼ ਹੈ? ਅਸਲ ਵਿਚ ਮਰਦਾ ਕੁਛ ਨਹੀਂ, ਕੇਵਲ ਚੌਲਾ ਵਟੀਂਦਾ ਹੈ ਸਤਿਗੁਰ ਦੇ ਪਿਆਰੇ ਮਰਕੇ ਸੁਖ ਪਾਂਦੇ ਹਨ। ਮਰਕੇ ਅੱਗੇ ਸੁੰਨ ਨਹੀਂ ਹੈ, ਅੱਗੇ ਸਤਿਗੁਰ ਨਾਨਕ ਦਾ ਸਤਿਸੰਗ ਹੈ। ਚੰਗੇ ਚੰਗੇ ਪਿਆਰੇ ਦੁਨੀਆ ਦੇ ਸਾਕਾਂ ਸੰਗਾਂ ਤੋ ਵੱਧ ਚੰਗੇ ਪ੍ਰੀਤਮ ਜੀ ਦੇ ਸਤਿਸੰਗੀਆਂ ਵਿਚ ਵਾਸ ਹੁੰਦਾ ਹੈ। ਪਰ ਮੌਤ ਮੰਗੀਦੀ ਬੀ ਨਹੀਂ। ਆਵੇ ਤਾਂ ਡਰੀਦਾ ਨਹੀਂ, ਨਾ ਆਵੇ ਤਾਂ ਚੇਤੇ ਨਹੀਂ ਕਰੀਦੀ।

ਕਰੀਦਾ ਇਹ ਹੈ ਕਿ ਆਪਣੀ 'ਹੁਣ' ਸੰਭਾਲੀ ਦੀ ਹੈਂ। ਜੋ ਸਮਾਂ ਸਾਨੂੰ ਮਿਲਿਆ ਹੈ ਇਸ ਵਿਚ ਹਰ ਪਲ ਅਸੀਂ ਬਾਣੀ ਯਾ ਨਾਮ ਦੇ ਅਧਾਰ ਨਾਲ ਬਤੀਤ ਕਰੀਏ—ਸਤਿਗੁਰ ਸਿਰ ਤੇ ਹੈ ਅਰ ਓਹ ਸਦਾ ਸਹਾਈ ਹੈ:—

ਬਿਖੜੇਂ ਦਾਉ ਲੰਘਾਵੈ ਮੇਰਾ ਸਤਿਗੁਰੁ ਸੁਖ ਸਹਜ ਸੇਤੀ ਘਰਿ ਜਾਤੇ॥

ਸਤਿਗੁਰ ਦਾਤਾ ਮਿਹਰ ਕਰਨਹਾਰਾ ਹੈ। ਕੀਰਤਨ ਕਰਨਾ ਬਹੁਤ ਚੰਗਾ ਹੈ—ਇਹ ਸਾਧਨ ਹੈ ਜੋ ਸਾਨੂੰ ਵਾਹਿਗੁਰੂ ਨਾਲ ਜੋੜਦਾ ਹੈ।

ਪਿਆਰੇ ਜੀਓ

95