ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/77

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੫

1910

ਸ੍ਰੀ ਮਾਨ ਡਾਕਟਰ ਸਾਹਿਬ ਜੀ,

ਆਪਦਾ ਪਤ੍ਰ ਪੁੱਜਾ, ਆਪਦੇ ਪੁਤ੍ਰ ਵਿਛੋੜੇ ਦੀ ਖਬਰ ਪੜ੍ਹ ਕੇ ਦਿਲ ਨੂੰ ਦਰਦ ਹੋਇਆ । ਵਾਹਿਗੁਰੂ ਜੀ ਦੇ ਕੌਤਕ ਚੋਜਾਂ ਵਾਲੇ ਹਨ: ਆਪਣਿਆਂ ਰੰਗਾਂ ਵਿਚ ਓਹ ਘੱਲਦੇ ਹਨ, ਸੱਦਦੇ ਹਨ, ਅਸੀਂ ਆਪਣੇ ਪਿਆਰਾਂ ਦੇ ਕਾਰਨ ਸੁਖੀ ਦੁਖੀ ਹੁੰਦੇ ਹਾਂ ।

ਭਾਣਾ ਮਿੱਠਾ ਕਰਕੇ ਮੰਨਣ ਦਾ ਹੁਕਮ ਹੈ, ਪਰ ਮੰਨਣਾ ਬੜਾ ਕਠਨ ਹੈ: "ਬਿਖਮੁ ਤੇਰਾ ਹੈ ਭਾਣਾ" ਪਰ ਗੁਰਮੁਖਾਂ ਲਈ ਰਾਹ ਇਹੋ ਹੈ: ਭਾਣਾ ਮਿੱਠਾ ਤਾਂ ਹੀ ਲਗਦਾ ਹੈ ਜੇ ਨਾਮ ਨਾਲ ਪਿਆਰ ਹੋਵੇ, ਸਾਂਈ ਜੀ ਅੰਦਰ ਵੱਸਦੇ ਹੋਣ, ਫਿਰ ਦਿਸਦੇ ਪਦਾਰਥਾਂ ਤੋਂ ਉਹ ਮਿਠੇ ਲਗਦੇ ਹਨ, ਨੇੜੇ ਲਗਦੇ ਹਨ ।

ਬੱਚਿਆਂ ਦਾ ਆਣਾ ਜਾਣਾ ਗੁਰਸਿਖਾਂ ਦੇ ਆਣ ਜਾਣ ਵਾਙੂ ਹੈ, ਸਤਿਗੁਰ ਦੇ ਘੱਲੇ ਪ੍ਰਾਹੁਣੇ ਗੁਰਸਿਖ ਘਰ ਆਏ ਤੇ ਉਸਦੇ ਸੱਦੇ ਉਠ ਗਏ: ਆਪਣਾ ਮੋਹ ਮਾਯਾ ਜਿੰਨਾਂ ਪਏਗਾ ਉਨਾ ਦੁਖ ਹੋਏਗਾ । ਜਿੰਨਾ ਨਾਮ ਨਾਲ ਪਿਆਰ ਤੇ ਬਾਕੀ ਸੇਵਾ ਮਾਤ੍ਰ ਦਾ ਭਾਵ ਰਹਿ ਜਾਏਗਾ ਉਨਾ ਸੁਖ ਰਹੇਗਾ:–

"ਬਾਰੰਬਾਰ ਬਾਰ ਪ੍ਰਭੁ ਜਪੀਐ ॥ ਪੀ ਅੰਮ੍ਰਿਤੁ ਇਹੁ ਮਨੁ ਤਨੁ ਧ੍ਰਪੀਐ ॥"
"ਜੋ ਹੋਆ ਹੋਵਤ ਸੋ ਜਾਨੈ ॥ ਪ੍ਰਭ ਅਪਨੇ ਕਾ ਹੁਕਮੁ ਪਛਾਨੈ ॥"

(ਸੁਖਮਨੀ 1,–6, 7)

ਇਹ ਮਾਰਗ ਸਿੱਖੀ ਦਾ ਹੈ । ਨਾਮ ਚਿਤ ਰਹੇ ।

–ਵੀਰ ਸਿੰਘ

ਪਿਆਰੇ ਜੀਓ

91