ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/6

ਇਹ ਸਫ਼ਾ ਪ੍ਰਮਾਣਿਤ ਹੈ

ਵਧੀਕ ਹਉਮੈ ਹੰਕਾਰ ਵਿਚ ਆ ਜਾਂਦੇ ਹਨ। ਸ਼ੁਭ ਵਾਸ਼ਨਾਂ ਖੁਸ਼ੀ ਵਿਚ ਆ ਕੇ ਮਦ ਵਿਚ ਜਾਂਦੀਆਂ ਹਨ। ਮਦ ਤੋਂ ਬੇਸਮਝੀ ਵਿਚ ਤੇ ਫੇਰ ਪਾਪਾਂ ਵਿਚ। ਇਉਂ ਅਸੀਂ ਆਪਣੇ ਉੱਤਮ ਵਕਤ ਤੋਂ ਲਾਭ ਦੀ ਥਾਂ ਹਾਨੀ ਲੈਂਦੇ ਹਾਂ। ਜਦ ਖੋਟੇ ਕਰਮਾਂ ਦਾ ਭੋਗ ਆਉਂਦਾ ਹੈ, ਤਦੋਂ ਦੁਖ ਅਰ ਖੋਟੀਆਂ ਵਾਸ਼ਨਾਂ ਦਾ ਅਸਰ ਜ਼ਰੂਰ ਹੁੰਦਾ ਹੈ। ਉਸ ਵੇਲੇ ਅਸੀਂ ਨਾ ਸ਼ੁਕਰੀ, ਉਦਾਸੀ, ਘਬਰਾ ਵਿਚ ਹੋ ਕੇ ਦੁਖ ਤੋਂ ਜੋ ਉਸਤਾਦ ਹੋਇ ਆਇਆ ਸੀ, ਲਾਭ ਨਹੀਂ ਉਠਾਉਂਦੇ। ਜਦ ਸਤਿਸੰਗ ਹੁੰਦਾ ਹੈ ਤਦ ਇਹ ਦੋਵੇਂ ਪਾਸੇ ਆਪਣੇ ਲਾਭ ਲਈ ਢਾਲ ਲਈਦੇ ਹਨ। ਸਤਿਸੰਗ ਦੱਸਦਾ ਹੈ ਕਿ ਜਦੋਂ ਪੁੰਨ ਕਰਮਾਂ ਦਾ ਭੋਗ ਆਇਆ ਹੈ, ਵਾਸ਼ਨਾਂ ਨੇਕ ਹਨ, ਤਦੋਂ ਵਤਰ ਦਾ ਵੇਲਾ ਹੈ, ਬੀ ਬੀਜ ਲਓ। ਅਰ ਇਉਂ ਦੁਹਾਈਆਂ ਕੰਨੀਂ ਪੈਂਦੀਆਂ ਹਨ:———

ਜਬ ਲਗੁ ਜਰਾ ਰੋਗੁ ਨਹੀ ਆਇਆ॥
ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ॥
ਜਬ ਲਗੁ ਬਿਕਲ ਭਈ ਨਹੀ ਬਾਨੀ॥
ਭਜਿ ਲੇਹਿ ਰੇ ਮਨ ਸਾਰਿਗ ਪਾਨੀ॥(ਭੈਰਉ ਕਬੀਰ ਜੀ–੯)

ਤੇ ਜਦੋਂ ਆਵੇ ਪਾਪਾਂ ਦੇ ਭੋਗਾਂ ਦਾ ਵੇਲਾ ਤਦ ਸਤਿਸੰਗ ਕਹਿੰਦਾ ਹੈ: ਘਬਰਾ ਨਹੀ ਦੁਖ ਨੂੰ ਸ਼ੁਕਰ ਨਾਲ ਝੱਲ। ਹੁਕਮ ਮੰਨ ਭਾਣਾ ਮਿੱਠਾ ਕਰ। ਇਸ ਦੁਖ ਦੇ ਮਗਰੋਂ ਤੇਰੀ ਤਰੱਕੀ ਹੋਵੇਗੀ, ਵਾਸ਼ਨਾਂ ਭਾਵੇਂ ਖਰਾਬ ਹਨ, ਪਰ ਸਤਿਸੰਗ ਦਾ ਬਲ ਸ਼ੁਕਰ ਦੀ ਜਾਚ ਸਿਖਾਂਦਾ ਹੈ। ਦੁਖ ਪਏ ਤੇ ਸ਼ੁਕਰ ਕਰੀਏ। ਅਰ ਜੋ ਮਨ ਸ਼ੁਕਰ ਵਿਚ ਨਾ ਆਵੇ ਤਾਂ ਬੇਨਤੀ ਕਰੀਏ ਅਰ ਬਾਣੀ ਨੂੰ ਵਧੀਕ ਧਿਆਰ ਨਾਲ ਪੜ੍ਹੀਏ, ਤਾਂ ਵਾਸ਼ਨਾਂ ਦਾ ਖੋਟ ਭਲੇ ਪਾਸੇ ਪੈ ਗਿਆ। ਐਉਂ ਸਤਿਸੰਗ ਦੇ ਪ੍ਰਤਾਪ ਆਦਮੀ ਜਿੱਤ ਦਾ ਪਾਸਾ ਦੁਖ ਸੁਖ ਦੋਹਾਂ ਵੇਲੇ ਢਾਲਦਾ ਢਾਲਦਾ ਇਨ੍ਹਾਂ ਤੋਂ ਉਚੇਰਾ ਹੋ ਜਾਂਦਾ ਹੈ। ਆਪ ਵਡਭਾਗੀ ਹੋ ਜੋ ਲਿਖਦੇ ਹੋ ਕਿ ਆਪ ਨੂੰ ਐਸੀ ਪਿਆਰੀ ਭੈਣ ਵਾਹਿਗੁਰੂ ਨੇ ਬਖਸ਼ੀ ਹੈ। ਜੋ ਭਜਨ ਸਿਮਰਨਿ ਵਿਚ ਮਗਨ ਹੈ। ਆਪ ਭੀ ਭੁਲੇ ਪਾਸੇ ਦੇ ਟੁਰਨ ਵਾਲੇ ਹੋ। ਘਰ ਵਿਚ ਹੀ ਆਨੰਦ ਹੋ ਗਿਆ ਹੈ। ਫੇਰ ਤਾਂ ਗੁਰੂ ਦੀ ਮਿਹਰ ਹੀ ਮਿਹਰ ਹੈ। ਦੁਖਾਂ ਦਾ ਅਸਰ ਜੇ ਪਰਤਾ ਲਈਏ ਤਾਂ ਫਿਰ ਇਹੋ ਸਤਿਸੰਗ ਹੈ। ਵਾਹਿਗੁਰੂ ਆਪ ਤੇ ਕਿਰਪਾ ਕਰੇ। ਅਰ ਆਪਣੇ ਪਿਆਰ ਦੀ ਛਾਂ ਹੇਠ ਰਖੇ। ਆਪ ਤਕੜੇ ਹੋ ਅਰ ਦੁਖ ਸੁਖ ਚੰਗੇ ਹਠ ਨਾਲ ਚੱਲਦੇ ਹੋ। ਗੁਰੂ ਕਰੇ ਜੋ ਵਿਚਾਰਾਂ ਤੇ ਅਨੁਭਵ ਵਧੇ। ਜੋ ਦੁਖਾਂ ਦਾ ਬਲ ਤੁਹਾਡੀ ਸੁਰਤ ਪਰ ਅਸਰ ਪਾਣੋਂ ਅਸਮਰਥ ਹੋ ਜਾਵੇ। ਸ਼ੋਕ ਹੈ, ਮੈਂ ਆਪ ਦੀ ਇਸ ਖੇਦ ਵਿਚ ਕੋਈ ਮਦਦ ਨਹੀਂ ਕਰ ਸਕਿਆ। ਅਰ ਮੈਂ ਦੂਰ ਬੈਠਾ ਕਰ ਵੀ ਕੀ ਸਕਦਾ ਹਾਂ। ਵਾਹਿਗੁਰੂ ਅਗੇ ਪ੍ਰਾਰਥਨਾ ਹੈ ਜੋ ਉਹ ਆਪ ਨੂੰ ਹਿੰਮਤ ਬਖ਼ਸ਼ੇ ਤੇ ਆਪਣੇ ਨੇੜੇ ਕਰੇ। ਜੋ 'ਦੁਖ' ਦੁਖ ਨਾ ਦੇ ਸਕੇ ਤੇ:

"ਸੁਖ ਮੈ ਨਾਮ ਆਰਾਧੀਐ ਦੁਖ ਕਾਹੇ ਕਉ ਲਾਗੈ॥
ਦੁਖ ਮੈ ਨਾਮ ਆਰਾਧੀਐ ਦੁਖ ਦੁਰਹੂੰ ਭਾਗੈ॥

20

ਪਿਆਰੇ ਜੀਓ