ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/52

ਇਹ ਸਫ਼ਾ ਪ੍ਰਮਾਣਿਤ ਹੈ

੩੬

4-10-49

ਪਿਆਰੇ ਜੀਉ,

ਇਨਸਾਨੀ ਵਰਤਾਉ ਤੋਂ ਜੇ ਨਜ਼ਰ ਉਚੀ ਕੀਤੀ ਜਾਵੇ ਤਾਂ ਸਿੱਖ ਦੀ ਨਜ਼ਰ ਭਾਣੇ ਤੇ ਜਾ ਟਿਕਦੀ ਹੈ। ਤਦ ਫੇਰ ਸਿੱਖੀ ਰਹੁਰੀਤਿ ਤੇ ਗੁਰੂ ਕੀ ਬਾਣੀ ਇਹੋ ਸਿਖਾਲਦੀ ਹੈ ਕਿ "ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ" (ਗੂਜਰੀ ਕੀ ਵਾਰ ਮਹਲਾ 5 ਸਫ਼ਾ 519) ਇਸ ਲਈ ਅਰਦਾਸ ਹੈ ਕਿ ਗੁਰੂ ਆਪ ਦੀ ਸਹਾਯਤਾ ਕਰੇ।

ਆਪ ਨੇ ਜੋ Sentiments ਲਿਖੇ ਹਨ ਕਿ ਆਪ ਨੂੰ ਸਿੰਘ ਸਭਾ ਮੂਵਮੈਂਟ ਦੇ ਗੁਜ਼ਰ ਚੁਕੇ ਸੇਵਾਦਾਰਾਂ ਦੀ ਯਾਦ, ਪਿਆਰ ਵਾਲੀ ਤੇ ਉਦਾਸੀ ਲਾਉਣ ਵਾਲੀ ਹੈ, ਕਾਬਲੇ ਕਦਰ ਹੈਨ। ਜੋ ਜੋ ਸੇਵਕ ਸੱਚੇ ਦਿਲੋਂ ਸੇਵਾ ਭਾਵ ਨਾਲ ਕੰਮ ਕਰਦੇ ਗਏ ਹਨ, ਗੁਰੂ ਉਨ੍ਹਾਂ ਦੀ ਘਾਲ ਥਾਂਇ ਪਾਵੇ ਤੇ ਜੋ ਹੁਣ ਜੀਉਂਦੇ ਹਨ, ਉਹਨਾਂ ਨੂੰ ਬਰਕਤ ਦੇਵੇ ਕਿ ਉਹ ਸਿਦਕ ਦਿਲੀ ਨਾਲ ਸੇਵਾ ਕਰਨ ਜੋ ਸੇਵਾ ਦਾ ਫਲ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋਣ।

ਅਸਲ ਵਿਚ ਦਯਾਨਤਦਾਰੀ ਦੀ ਰਾਇ ਦਾ ਵਖੇਵਾਂ ਇਕ ਇਨਸਾਨੀ ਤਬੀਅਤ ਦਾ ਕੁਦਰਤੀ ਤਕਾਜ਼ਾ ਹੈ। ਇਸਦਾ ਪਰਸਪਰ ਸਹਾਰਾ ਹੋਣਾਂ ਚਾਹਿਯੇ। ਇਹ ਵਖੇਵਾਂ ਕਦੇ ਭੀ ਜ਼ਾਤੀਆਤ ਵਿਚ ਵਖੇਵੇਂ ਪਾਉਣ ਦਾ ਕਾਰਨ ਨਾ ਬਣੇ ਤਾਂ ਹੀ ਪੰਥ ਉਨਤ ਹੋ ਸਕਦਾ ਹੈ। ਸਿੱਖ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੀ ਸਾਜੀ ਪਰਿਵਾਰਿਕ ਜਥੇਬੰਦੀ ਦੇ ਅੰਗ ਹਨ। ਚਾਹੇ ਰਾਇ ਦਾ ਵਖੇਵਾਂ ਕਿਤਨਾ ਹੋਵੇ, ਉਹ ਉਸ ਪਿਤਾ ਦੇ ਪੁਤ੍ਰਤਵ ਤੇ ਪਰਸਪਰ ਭ੍ਰਾਤਰੀ-ਭਾਵ ਤੋਂ ਦੂਰ ਨਹੀਂ ਹੋ ਸਕਦੇ। ਜੇ ਹੋਣ ਤਾਂ ਸਾਡੀ "ਪਰਿਵਾਰਿਕ ਜਥੇਬੰਦੀ" ਵਿਚ ਫਰਕ ਪੈਂਦਾ ਹੈ। ਵਿਚਾਰਵਾਨ ਸਿੱਖਾਂ ਨੂੰ ਟੁਰ ਗਿਆਂ ਸੇਵਕਾਂ ਦਾ ਘਾਟਾ ਹੁਣ ਵਧੇਰੇ ਪੀੜਾਂ ਕਰਦਾ ਹੈ। ਜੇ ਇਸ ਵਲੇ ਸਰਦਾਰ ਸੁੰਦਰ ਸਿੰਘ ਜੀ, ਸਰਦਾਰ ਤਿਰਲੋਚਨ ਸਿੰਘ ਜੀ, ਸਰਦਾਰ ਹਰਬੰਸ ਸਿੰਘ ਜੀ ਵਰਗੇ ਨਿਸ਼ਕਾਮ ਪੰਥ ਸੇਵਕ ਮੌਜੂਦ ਹੁੰਦੇ ਤਾਂ ਹੋ ਸਕਦਾ ਸੀ ਕਿ ਉਹ ਪੰਥਕ ਏਕਤਾ ਲਈ ਮੌਜੂਦਾ ਮੁਸ਼ਕਲਾਂ ਹੱਲ ਕਰਨ ਲਈ ਪ੍ਰ੍ਯਤਨ ਕਰਦੇ ਤੇ ਸਫਲਤਾ ਹੁੰਦੀ ਪਰ ਭਾਣੇ ਵਿਚ ਸਭ ਕੁਝ ਹੈ।

ਇਕੱਲ ਇਨਸਾਨ ਲਈ ਔਖੀ ਗੱਲ ਹੁੰਦੀ ਹੈ। ਪਰ ਗੁਰਬਾਣੀ ਦਾ ਆਸਰਾ ਤੇ ਨਾਮ ਦਾ ਸਹਾਰਾ, ਇਕੱਲ ਨੂੰ ਏਕਾਤ ਬਣਾ ਦੇਂਦਾ ਹੈ। ਗੁਰਬਾਣੀ ਦਾ ਪਾਠ ਤੇ ਗੁਰੂ ਕਾ ਆਸਰਾ ਗੁਰਸਿੱਖਾਂ ਨੂੰ ਬਚਪਨ ਤੋਂ ਪ੍ਰਾਪਤ ਹੋ ਜਾਂਦਾ ਹੈ।

ਗੁਰੂ ਆਪ ਦਾ ਸਹਾਈ ਰਹੇ, ਨਾਮ ਦਾਨ ਵਾਫਰ ਕਰੇ ਤੇ ਆਪਣੇ ਭਾਣੇ ਅੰਦਰ ਬੰਦ ਤੋਂ ਖਲਾਸੀ ਛੇਤੀ ਬਖਸ਼ੇ।

———ਵੀਰ ਸਿੰਘ

66

ਪਿਆਰੇ ਜੀਓ