ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/10

ਇਹ ਸਫ਼ਾ ਪ੍ਰਮਾਣਿਤ ਹੈ

੩

23-3-11

ਪਿਆਰੇ ਜੀ,

ਪੱਤਰ ਪਹੁੰਚਾ। ਪੜ੍ਹਿਆ। ਜੋ ਕੁਛ ਆਪ ਨੇ ਲਿਖਿਆ ਹੈ ਪੜ੍ਹ ਕੇ ਸ਼ੋਕ ਨਹੀਂ ਹੋਇਆ, ਨਾਂ ਅਸਚਰਜ। ਸੰਸਾਰ ਵਿਚ ਕਮਜ਼ੋਰੀ ਤੇ ਮਾੜਾਪਨ ਬਹੁਤਾ ਹੈ, ਜਦ ਕਿਤੇ ਅਸੀਂ ਹੋਰ ਆਸ ਰਖੀਏ ਤੇ ਨਿਕਲੇ ਆਸ ਦੇ ਉਲਟ ਤਾਂ ਦਿਲ ਉਦਾਸ ਹੁੰਦਾ ਹੈ, ਪਰ ਇਹ ਕੁਛ ਤਾਂ ਕੋਈ ਹੈਰਾਨੀ ਨਹੀਂ। ਆਪਣੀ ਆਸ ਪੂਰੀ ਨਾ ਹੋਣ ਕਰਕੇ ਸਾਡਾ ਜੀ ਟੁੱਟਦਾ ਹੈ, ਅਰ ਅਸੀਂ ਵਧੀਕ ਮਿਹਨਤ ਵਾਲਾ ਕੰਮ ਦੇਖ ਕੇ ਜੀ ਚੁਰਾਂਦੇ ਹਾਂ, ਜਿਸ ਕਰਕੇ ਅਸੀਂ 'ਧੱਕ ਦੇਣਾ' 'ਧਿਕਾਰ ਦੇਣਾ' ਦਾਰੂ ਸਮਝਦੇ ਹਾਂ, ਜਾਂ ਸਖ਼ਤੀ ਤੇ ਕਠੋਰਤਾ 'ਸਜ਼ਾ' ਦੀ ਸ਼ਕਲ ਵਿਚ ਦੇ ਕੇ ਸੁਧਾਰ ਦਾ ਪ੍ਰਬੰਧ ਕਰਦੇ ਹਾਂ, ਯਾ ਇਸ ਤੋਂ ਵੀ ਨਿਰਾਸ ਹੋ ਕੇ ਖਹਿੜਾ ਛੁਡਾਉਣ ਦੇ ਉਪਰਾਲੇ ਵਿਚ ਪੈ ਜਾਂਦੇ ਹਾਂ। ਇਹ ਪ੍ਰੇਮੀਆਂ ਦੇ ਪ੍ਰੇਮ ਦੇ ਵਰਤਾਉ ਤੋਂ ਉਲਟ ਹੈ। ਅਸੀਂ ਕਮਜ਼ੋਰ ਰੂਹਾਂ ਹਾਂ, ਜੇ ਅਸੀਂ (ਪਰਮਾਰਥ ਦੇ ਰਾਹ) ਚਾਰ ਕਦਮ ਟੁਰ ਪਏ ਹਾਂ ਤਾਂ ਸਾਥੀਆਂ ਲਈ ਅਸੀਂ ਮਦਦ ਹੋਣੇ ਚਾਹੀਦੇ ਹਾਂ।

ਉਹ ਬੀਬੀ ਅਭਾਗ ਹੈ ਜਿਸ ਦੇ ਆਤਮਾ ਵਿਚ ਪਿਆਰ ਦੀ ਰੌਂ ਤੇ ਸਤਿਕਾਰ ਦਾ ਵਲਵਲਾ ਆਪਣੇ ਸਤਿਸੰਗੀ ਪਤੀ ਲਈ ਪੈਦਾ ਨਹੀਂ ਹੁੰਦਾ। ਉਸ ਦਾ ਕਾਰਨ ਉਸ ਦੀ ਕਮਜ਼ੋਰੀ ਹੈ ਅਰ ਕਮਜ਼ੋਰੀ ਸਦਾ 'ਤਰਸ-ਯੋਗ' ਹਾਲਤ ਹੈ। ਉਸ ਦੀ ਵਿਦਯਾ ਅੱਛੀ ਨਹੀਂ ਹੋਈ। ਸ਼ੱਕ ਹੈ ਕਿ ਨਵੀਨ ਵਿਦਯਾ ਰਾਹੀ ਆਸ਼ਰਮਾਂ ਵਿਚ ਇਸਤ੍ਰੀਆਂ ਨੂੰ ਹਕੂਕ ਤੇ ਦਸਤਕਾਰੀ ਸਿਖਾਈ ਜਾਂਦੀ ਹੈ ਪਰ ਸਹਿਨਸ਼ੀਲਤਾ, ਪਿਆਰ ਉਪਕਾਰ, ਨਿੰਮ੍ਰਤਾ ਤੇ ਆਦਰ ਨਹੀਂ ਸਿਖਾਇਆ ਜਾਂਦਾ। ਘਰਾਂ ਵਿਚ ਸੱਸਾਂ ਸਖਤੀ ਕਰਕੇ ਝੂਠ ਤੇ ਕਪਟ ਸਿਖਾਂਦੀਆਂ, ਇਹ ਸਾਰਾ ਕੁਛ ਉਸ ਨਿਤਾਣੀ ਰੂਹ ਦੀ ਇਸ ਹਾਲਤ ਦਾ ਜ਼ਿੰਮੇਵਾਰ ਹੈ। ਉਹ ਪਤੀ ਜੀ ਤੋਂ ਸਦਾ ਵਿੱਥ ਤੇ ਹੀ ਅਰ ਉਨ੍ਹਾਂ ਨੂੰ ਅਪਣੇ ਸਤਿਸੰਗ ਨਾਲ ਸੁਧਾਰਨ ਦਾ ਸਮਾਂ ਨਹੀਂ ਲੱਝਾ, ਇਹ ਦੂਸਰਾ ਕਾਰਨ ਹੈ।

ਇਹ ਕਹਿਣਾ ਕਿ ਉਸ ਦੀ birth low ਹੈ ਜਾਂ ਕਮੀਨ ਘਰਾਣੇ ਦਾ ਜੰਮ ਹੈ, ਚੰਗਾ ਨਹੀਂ।

'ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ।'

24

ਪਿਆਰੇ ਜੀਓ