ਪੰਨਾ:ਪਾਪ ਪੁੰਨ ਤੋਂ ਪਰੇ.pdf/94

ਇਹ ਸਫ਼ਾ ਪ੍ਰਮਾਣਿਤ ਹੈ

ਵੀ ਉਸ ਦੀ ਜਿੱਤ ਦਾ ਇਕ ਸਾਧਨ ਹੋਵੇ। ਉਸ ਨੇ ਵਧੇਰੇ ਵਿਸਥਾਰ ਵਿਚ ਨਾ ਜਾਣਾ ਚਾਹਿਆ ਤੇ ਚੁਪ ਕਰ ਗਿਆ।

ਮਹਿਮਾਨ ਨਿਵਾਜ ਵਾਮ ਮਾਰਗੀ ਨੇ ਪੁਜਾਰੀ ਨੂੰ ਬਹਿ ਜਾਣ ਲਈ ਆਖਿਆ ਅਤੇ ਮਧੀਰਾ ਦਾ ਪਿਆਲਾ ਪੇਸ਼ ਕੀਤਾ।

"ਇਹ ਹੈ ਉਹ ਅੰਮ੍ਰਿਤ ਜਿਸ ਲਈ ਸ੍ਵਰਗ ਪੁਰੀ ਵਿਚ ਦੇਵਤੇ ਦੈਤਾਂ ਨਾਲ ਉਲਝ ਪਏ ਸਨ।"

"ਓ" ਪੁਜਾਰੀ ਦਿਆਂ ਬੁਲ੍ਹਾਂ ਤੇ ਇਕ ਵਿਅੰਗਿਕ ਹੈਰਾਨੀ ਚੇਹਰੇ ਤੇ ਫੈਲ ਗਈ। ਪੁਜਾਰੀ ਮਧੀਰਾ ਪੀਂਦਾ ਗਿਆ। ਇਹ ਕੌੜੀ ਜਹੀ ਸੀ। ਬੂ-ਦਾਰ! ਤੇ ਅਜ ਤੀਕ ਜੀਵਨ ਵਿਚ ਉਸਨੇ ਕੋਈ ਚੀਜ਼ ਅਜਿਹੀ ਚੀਜ਼ ਨਹੀਂ ਸੀ ਚੱਖੀ। ਕਿਤਨਾ ਕਸੈਲਾ ਜਿਹਾ ਸਵਾਦ ਸੀ ਇਸਦਾ-ਹੂੰ ਇਸ ਲਈ ਦੇਵਤੇ ਲੜ ਮਰੇ ਸਨ। ਕੌਣ ਮੰਨ ਸਕਦਾ ਹੈ ਤੇ ਅਚਾਨਕ ਉਸ ਨੂੰ ਮਹਿਸੂਸ ਹੋਇਆ ਕਿ ਉਹ ਇਤਨਾ ਹਲਕਾ ਹੋ ਗਿਆ ਹੈ ਕਿ ਜੇ ਇਕ ਹਮਲਾ ਮਾਰੇ ਤਾਂ ਹਵਾ ਵਿਚ ਉਡਣ ਲਗ ਜਾਵੇ। ਉਸ ਦਿਆਂ ਕੰਨਾਂ ਵਿਚ ਕੋਈ ਅਜੀਬ ਅਨ-ਸੁਣੀ ਜਹੀ ਰਾਗਨੀ ਸੁਣਾਈ ਦੇਣ ਲਗੀ। ਇਹੋ ਜਹੀ ਰਾਗਨੀ ਉਸ ਨੇ ਅਜ ਤੀਕ ਕਦੀ ਵੀ ਮੱਠ-ਮੰਡਲ ਦੀਆਂ ਦੇਵ ਦਾਸੀਆਂ ਦੇ ਪੈਰੀਂ ਪਏ ਘੁੰਗਰੂਆਂ ਦੀ ਝੁਣ ਝੁਣਾਹਟ ਤੋਂ ਨਹੀਂ ਸੀ ਸੁਣੀ। ਨਾ ਉਨ੍ਹਾਂ ਦੀਆਂ ਝਾਂਝਰਾਂ ਦੀ ਛਣਕ ਆਪਣੇ ਆਪ ਵਿਚ ਕੋਈ ਐਸੀ ਮਿਠਾਸ ਰਖਦੀ ਸੀ। ਉਸਦਾ ਜੀ ਚਾਹਿਆ ਇਹ ਨਾਫ਼ਾਨੀ ਰਾਗ ਉਸਦਿਆਂ ਕੰਨਾਂ ਵਿਚ ਹੀ ਗੂੰਜਦੇ ਰਹਿਣ। ਉਹ ਹਲਕਾ ਫੁਲ ਹਵਾਵਾਂ ਵਿੱਚ ਉਡਦਾ ਹੀ ਰਹੇ ਅਤੇ ਮਧੀਰਾ, ਮਿਠੀ ਮਾਖਿਉਂ ਚਖਦਾ ਹੀ ਰਹੇ, ਘੁਟ ਘੁਟ ਕਦੀ ਡੀਕ ਲਾ ਕੇ।

੯੩