ਪੰਨਾ:ਪਾਪ ਪੁੰਨ ਤੋਂ ਪਰੇ.pdf/82

ਇਹ ਸਫ਼ਾ ਪ੍ਰਮਾਣਿਤ ਹੈ

ਮਗਰੋਂ ਜਦੋਂ ਮੈਂ ਝਾਤੀ ਮਾਰਨ ਲਈ ਬਾਹਰ ਆਇਆ ਤਾਂ ਹੋਰ ਬਾਕੀ ਦੇ ਕਲਰਕ ਲੋਕ ਵੀ ਸਰਕਦੇ ਹੋਏ ਆਪਣਿਆਂ ਆਪਣਿਆਂ ਕਮਰਿਆਂ ਵਿਚ ਜਾ ਰਹੇ ਸਨ। ਮੈਨੂੰ ਵੇਖ ਕੇ ਹੋਰ ਸਾਰਿਆਂ ਨੇ ਵੀ ਆਪਣਿਆਂ ਆਪਣਿਆਂ ਕਮਰਿਆਂ 'ਚ ਜਾਣਾ ਮੁਨਾਸਬ ਸਮਝਿਆ ਜ਼ਿੰਦਗੀ ਫਿਰ ਆਪਣਿਆਂ ਪੁਰਾਣਿਆਂ ਪਹੀਆਂ ਤੇ ਰੀਂਗਣ ਲਈ। ਫਿਰ ਟਾਈਪ ਦੀਆਂ ਮਸ਼ੀਨਾਂ ਕੰਮ ਕਰ ਰਹੀਆਂ ਸਨ, ਫਿਰ ਪੱਖੇ ਚਲ ਰਹੇ ਸਨ, ਫਿਰ ਫਾਈਲਾਂ ਫੋਲੀਆਂ ਜਾ ਰਹੀਆਂ ਸਨ, ਫਿਰ ਕਲਮਾਂ ਘਿਸ ਰਹੀਆਂ ਸਨ। ਇਹ ਵੀ ਰੋਜ਼ ਵਰਗਾ ਇਕ ਹੋਰ ਦਿਨ ਬਣ ਰਿਹਾ ਸੀ।

ਮੈਂ ਆਪਣੇ ਹੱਥ ਵਿਚ ਫੜੇ ਦੋਵੇਂ ਕਾਗਜ਼, ਫਾੜ ਸੁਟੇ। ਪਤਾ ਨਹੀਂ ਉਹ ਦੋਵੇਂ ਕਦ ਤੀਕ ਉਪਰੋਂ ਜਵਾਬ ਦੀ ਉਡੀਕ ਕਰਦੇ ਰਹੇ। ਸ਼ਾਮ ਨੂੰ ਜਦੋਂ ਛੁਟੀ ਹੋਈ ਤਾਂ ਇਸ ਤਬਦੀਲੀ ਦਾ ਕਾਰਨ ਕੋਈ ਵੀ ਨਹੀਂ ਸੀ ਜਾਣਦਾ। ਸਾਰੇ ਚੁਪ ਸਨ। ਸਾਰੇ ਕੁਝ ਨਾ ਕੁਝ ਜਾਣਨਾ ਚਾਹੁੰਦੇ ਸਨ, ਸਾਰੇ ਇਕ ਦੂਜੇ ਨੂੰ ਨੀਵੀਆਂ ਨੀਵੀਆਂ ਨਜ਼ਰਾਂ ਨਾਲ ਤਕਦੇ ਰਹੇ ਤੇ ਫਿੱਕੀ ਫਿੱਕੀ, ਹੈਰਾਨੀ ਭਰੀ ਨਜ਼ਰਾਂ ਨਾਲ ਤੱਕਦੇ ਰਹੇ ਤੇ ਫਿੱਕੀ ਫਿੱਕੀ, ਹੈਰਾਨੀ ਮਿਲੀ ਮੁਸਕਰਾਹਟ ਆਪਸ ਵਿਚ ਵਟਦੀ ਰਹੀ।

ਉਸ ਸ਼ਾਮ ਮੈਂ ਆਪਣੇ ਇਕ ਸਭ ਤੋਂ ਪਿਆਰੇ ਮਿੱਤਰ ਨੂੰ ਰੇਲਵੇ ਸਟੇਸ਼ਨ ਤੋਂ ਆਖ਼ਰੀ ਵਾਰ ਪਿਆਰ-ਤੱਕਣੀ ਦੇ ਕੇ ਮੁੜ ਰਿਹਾ ਸਾਂ ਕਿ ਅਚਾਨਕ ਇਕ ਬਦੇਸੀ ਤੀਵੀਂ ਦੀ ਅਤਿ ਸੁਰੀਲੀ ਜਹੀ ਆਵਾਜ਼ ਮੇਰੇ ਕੰਨੀਂ ਪਈ।

"ਐਕਸਿਊਜ਼ ਮੀ।" ਉਸ ਆਖਿਆ ਤੇ ਮੈਂ ਵੇਖਿਆ ਉਹ ਮੈਨੂੰ ਹੀ ਸੰਬੋਧਨ ਕਰ ਰਹੀ ਸੀ।

ਮੈਂ ਉਸਦੇ ਸਾਫ਼ ਤੇ ਸੁਚੱਜੇ ਪਹਿਰਾਵੇ ਤੋਂ ਛੁਟ ਉਸਦੀ

੮੧