ਪੰਨਾ:ਪਾਪ ਪੁੰਨ ਤੋਂ ਪਰੇ.pdf/74

ਇਹ ਸਫ਼ਾ ਪ੍ਰਮਾਣਿਤ ਹੈ

ਹੁਣ ਕਿਸੇ ਭਾਰਤ-ਸੰਸਥਾ ਵਿਚ ਪੂਰਬੀ ਫ਼ਿਲਾਸਫ਼ੀ ਤੇ ਵਿਚਾਰ ਇਕੱਤਰ ਕਰਨਾ ਲੋਚਦੀ ਸੀ। ਤੇ ਹੋਰ ਪਤਾ ਨਹੀਂ ਕੀ ਕੁਝ। ਪਰ ਮੈਂ ਸਾਰਾ ਸਮਾਂ ਉਸ ਦੇ ਵਾਹੀਯਾਤ ਤਰੀਕੇ ਨਾਲ ਨਾਲ ਕੀਤੇ ਹੋਏ ਬੁਲ੍ਹਾਂ ਦੀ ਹਰਕਤ ਵਾਚਦਾ ਰਿਹਾ, ਜਾਂ ਉਸ ਦੇ ਚਿਹਰੇ ਤੇ ਫੈਲਿਆ ਹੋਇਆ ਘਟੀਅਲ ਕਿਸਮ ਦਾ ਪਫ਼-ਪਊਡਰ ਵੇਖਦਾ ਰਿਹਾ। ਪਰ ਮੈਂ ਇਹ ਕਦੀ ਵੀ ਨਾ ਵਿਚਾਰਿਆ ਉਸ ਦੀਆਂ ਲੱਤਾਂ ਨੰਗੀਆਂ ਕਿਉਂ ਹਨ, ਉਹ ਕੋਈ ਹੋਰ ਕਪੜਿਆਂ ਦਾ ਸੈੱਟ ਵੀ ਰਖਦੀ ਹੈ, ਜਾਂ ਉਸ ਪਾਸ ਕੇਵਲ ਇਹੋ ਇਕੋ ਚੋਲੀ ਜਹੀ ਹੈ, ਜੋ ਨਾ ਕਿਸੇ ਫ਼ਰਾਕ ਦੀ ਹੀ ਹੈ ਨਾ ਕਿਸੇ ਗੌਣ ਦੀ ਹੀ ਰਹਿ ਗਈ ਹੈ ਅਤੇ ਇਸ ਵਿਚੋਂ ਦੀ ਕਈ ਥਾਵਾਂ ਤੋਂ ਉਸ ਦੇ ਸਰੀਰ ਦਾ ਨੰਗੇਜ ਆਪਣੀ ਨੁਮਾਇਸ਼ ਕਰ ਰਿਹਾ ਹੈ। ਉਸ ਦਾ ਪਹਿਰਾਵਾ ਆਖ ਰਿਹਾ ਸੀ, ਮੈਂ ਗਰੀਬ ਹਾਂ, ਮੈਂ ਅਧੀਨ ਹਾਂ। ਮੈਂ ਇਕ ਬਦੇਸੀ ਤੀਵੀਂ ਹਾਂ! ਮੈਂ ਤੁਹਾਡੇ ਪਾਸ ਆਈ ਹਾਂ, ਜਿਵੇਂ ਕਿਵੇਂ ਹੋ ਸਕੇ ਮੇਰੀ ਮਦਦ ਕਰੋ, ਤੁਸੀਂ ਮੇਰੀ ਮਦਦ ਕਰੋ। ਤੇ ਉਹ ਆਪਣੀਆਂ ਕਿਤਾਬਾਂ ਮੇਰੇ ਵਲ ਵਧਾ ਰਹੀ ਸੀ। ਉਸ ਦੇ ਚਿਹਰੇ ਤੇ ਫੈਲੀ ਹੋਈ ਨਿਰਾਸਤਾ ਦੇ ਬਾਵਜੂਦ ਵੀ ਉਸ ਦੇ ਬੁਲ੍ਹ ਇਕ ਨਿਕੰਮੀ ਜਹੀ ਮੁਸਕਰਾਹਟ ਵੀਟ ਰਹੇ ਸਨ, ਜਿਹੜੀ ਅਤਿ ਰੁਖੀ ਸੀ, ਜਿਹੜੀ ਅਤਿ ਫਿੱਕੀ ਸੀ। ਉਸ ਦੀਆਂ ਅੱਖੀਆਂ ਕਿਸੇ ਨਾ ਉਮੀਦ ਵੇਸਵਾ ਦੇ ਦੀਵੇ ਵਾਂਗ ਜਗ ਰਹੀਆਂ ਸਨ, ਜਿਸ ਸ਼ਾਮ ਤੋਂ ਰਾਤ ਤੀਕ ਆਪਣਿਆਂ ਗਾਹਕਾਂ ਨੂੰ ਉਡੀਕਿਆ ਸੀ, ਪਰ ਕੋਈ ਵੀ ਨਹੀਂ ਸੀ ਆਇਆ! ਕੋਈ ਵੀ! ਉਸ ਦੀਆਂ ਅੱਖੀਆਂ ਵਿਚ ਕੋਈ ਅਜੀਬ ਵੀਰਾਨਗੀ ਸੀ, ਕੋਈ ਬੇਬਸੀ ਜਿਹੜੀ ਉਨ੍ਹਾਂ ਨੂੰ ਉਸੇ ਦੀਵੇ ਵਾਂਗ ਟਿਮਟਿਮਾਉਣ ਤੇ ਮਜਬੂਰ ਕਰ ਰਹੀ ਸੀ।

੭੩